ਅਸ਼ੋਕ ਵਰਮਾ
ਮਾਨਸਾ, 9 ਮਈ 2020 - ਸੀਪੀਆਈ ਜ਼ਿਲ੍ਹਾ ਮਾਨਸਾ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਆਰਥਿਕ ਸੰਕਟ ’ਚ ਫਸੇ ਮਜਦੂਰ, ਆਰਥਿਕ ਤੌਰ ਕਮਜ਼ੋਰ ਵਰਗਾਂ, ਛੋਟੇ ਦੁਕਾਨਦਾਰਾਂ, ਕਿਸਾਨਾਂ ਅਤੇ ਕਾਰੋਬਾਰੀਆਂ ਦੀਆ ਮੰਗਾਂ ਨੂੰ ਲੈ ਕੇ ਕ੍ਰਿਸ਼ਨ ਚੌਹਾਨ, ਸੀਤਾ ਰਾਮ ਗੋਬਿੰਦਪੁਰਾ,ਵੇਦ ਪ੍ਰਕਾਸ਼ ਬੁਢਲਾਡਾ, ਰੂਪ ਢਿੱਲੋਂ, ਰਤਨ ਭੋਲਾ ਅਤੇ ਜਗਰਾਜ ਹੀਰੇਕੇ ਦੀ ਅਗਵਾਈ ਹੇਠ ਰੋਸ ਦਿੱਤਾ ਗਿਆ। ਪਾਰਟੀ ਦੀ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਸਰਕਾਰ ਇਨਾਂ ਮੰਗਾਂ ਤੇ ਮੁਸ਼ਕਿਲ ਧਿਆਨ ਵਿੱਚ ਰੱਖਦਿਆਂ ਫੌਰੀ ਤੌਰ ਤੇ ਹੱਲ ਕਰੇ। ਆਗੂਆਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਸਮੇਂ ਦੇਸ਼ ਵਿੱਚ ਆਰਥਿਕ ਹਾਲਾਤ ਵਿਗੜ ਰਹੇ ਹਨ ਜਿਸ ਨੂੰ ਸੁਧਾਰਨ ’ਚ ਮੋਦੀ ਅਤੇ ਕੈਪਟਨ ਸਰਕਾਰ ਬੁਰੀ ਨਾਕਾਮ ਸਿੱਧ ਹੋ ਰਹੀਆਂ ਹਨ। ਉਨਾਂ ਆਖਿਆ ਕਿ ਮੋਦੀ ਸਰਕਾਰ ਨੇ ਇਸ ਮਾੜੇ ਦੌਰ ’ਚ ਵੱਡੇ ਸਰਮਾਏਦਾਰਾਂ ਦੇ ਕਰਜਿਆਂ ਤੇ ਲੀਕ ਮਾਰ ਕੇ ਅਮੀਰ ਪੱਖੀ ਹੋਣ ਦਾ ਸਬੂਤ ਦਿੱਤਾ ਹੈ ਜਦੋਂ ਕਿ ਆਮ ਵਰਗ ਆਰਥਿਕ ਸੰਕਟ ਕਾਰਨ ਭੁੱਖਮਰੀ ਅਤੇ ਖੁਦਕੁਸ਼ੀ ਲਈ ਮਜਬੂਰ ਹੋ ਰਹੇ ਹਨ।
ਉਨ੍ਹਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗਾ ਤੇ ਮਜ਼ਦੂਰਾਂ ਦੇ ਖਾਤਿਆਂ ਵਿੱਚ ਦਸ-ਦਸ ਹਜਾਰ ਰੁਪਏ ਆਰਥਿਕ ਮਦਦ ਪਾਉਣ, ਪ੍ਰਵਾਸੀ ਮਜ਼ਦੂਰਾਂ ਨੂੰ ਸਰਕਾਰੀ ਖਰਚੇ ‘ਤੇ ਉਨ੍ਹਾਂ ਘੇ ਘਰਾਂ ਵਿੱਚ ਪਹੁੰਚਾਉਣ, ਛੋਟੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣ ਕਾਲਾ ਬਾਜ਼ਾਰੀਆ ਨੂੰ ਕਾਬੂ ਕਰਨ , ਬਿਜਲੀ, ਪਾਣੀ ਅਤੇ ਸੀਵਰੇਜ ਦੇ ਬਿੱਲ ਮੁਆਫ ,ਬੈਂਕ ਦੀਆਂ ਛੇ ਮਹੀਨਿਆਂ ਤੱਕ ਕਿਸ਼ਤਾਂ ਨਾਂ ਭਰਵਾਉਣ, ਕਣਕ ਤੇ 200ਰੁਪਏ ਬੋਨਸ ,ਪ੍ਰਾਈਵੇਟ ਕਾਮਿਆਂ ਨੂੰ ਪੂਰੀ ਤਨਖਾਹ ਦੇਣ ਅਤੇ ਝੋਨੇ ਦੀ ਬਿਜਾਈ ਲਈ ਪਿੰਡਾਂ ਵਿੱਚ ਕਿਸਾਨਾਂ ਅਤੇ ਮਜਦੂਰਾਂ ਦੀਆਂ ਕਮੇਟੀਆਂ ਬਣਾ ਕੇ ਰੇਟ ਰੇਟ ਤਹਿ ਕਰਨ ਦੀ ਮੰਗ ਕੀਤੀ।
ਇਸ ਸਮੇਂ ਬੁਢਲਾਡਾ, ਮਾਨਸਾ, ਭੀਖੀ, ਝੁਨੀਰ, ਬਰੇਟਾ, ਬੋਹਾ ਅਤੇ ਪਿੰਡਾਂ ਵਿਖੇ ਦਰਸਨ ਪੰਧੇਰ, ਰੇਖਾ ਸਰਮਾ ਐਡਵੋਕੇਟ, ਨਰੇਸ਼ ਬੁਰਜ ਹਰੀ, ਅਰਵਿੰਦਰ ਕੌਰ, ਮੰਗਤ ਭੀਖੀ, ਗੁਰਦਿਆਲ ਸਿੰਘ, ਜੱਗਾ ਸਰਪੰਚ, ਮਨਜੀਤ ਗਾਮੀਵਾਲਾ, ਕਿਰਨਾ ਰਾਣੀ ਐਮ, ਸੀ, ਰਾਮ ਸਿੰਘ, ਮੱਖਣ ਰੰਘੜਿਆਲ, ਮਲਕੀਤ ਮੰਦਿਰ, ਸੁਖਦੇਵ ਪੰਧੇਰ ਆਦਿ ਆਗੂਆਂ ਦੀ ਅਗਵਾਈ ਹੇਠ ਧਰਨੇ ਦਿੱਤੇ ਗਏ।