ਅਸ਼ੋਕ ਵਰਮਾ
ਬਠਿੰਡਾ, 6 ਮਈ 2020 - ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ, ਭਲਕੇ 7 ਮਈ ਨੂੰ ਪੰਜਾਬ ਅੰਦਰ ਸਿਹਤ ਵਿਭਾਗ ਵਿੱਚ ਕੰਮ ਕਰਦੀਆਂ ਆਸ਼ਾ ਵਰਕਰਾਂ ਵੱਲੋਂ ਕੀਤੀ ਜਾ ਰਹੀ ਹੜਤਾਲ ਦੀ ਡਟਵੀਂ ਹਿਮਾਇਤ ਕਰਨ ਦਾ ਨਿਰਣਾ ਲਿਆ ਹੈ। ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਕਾਮਰੇਡ ਮਾਹੀਪਾਲ ਨੇ ਇਸ ਗੱਲ ‘ਤੇ ਡਾਢੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ ਹੈ ਕਿ ਸੰਸਾਰ ਵਿਆਪੀ ਕੋਰੋਨਾ ਮਹਾਂਮਾਰੀ ਕਰਕੇ ਪੈਦਾ ਹੋਈ ਮੌਜੂਦਾ ਗੰਭੀਰ ਅਵਸਥਾ ਵਿੱਚ ਜਾਨ ਜੋਖਮ ਵਿੱਚ ਪਾਕੇ ਲਾਮਿਸਾਲ ੲਸੇਵਾਵਾਂ ਦੇ ਰਹੀਆਂ ਆਸ਼ਾ ਵਰਕਰਜ਼ ਨੂੰ ਸੂਬਾਈ ਸਰਕਾਰ ਵੱਲੋਂ ਕੇਵਲ 33 ਰੁਪਏ ਪ੍ਰਤੀ ਦਿਨ ( 1000 ਰੁਪਏ ਪਤੀ ਮਹੀਨਾ) ਦੀ ਨਾਂ ਮਾਤਰ ਉਜਰਤ ਮਾਣ ਭੱਤੇ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ।
ਉਨਾਂ ਕਿਹਾ ਕਿ ਉਪਰੋਂ ਜੁਲਮ ਇਹ ਕਿ ਜਾਨ ਹੂਲਵਾਂ ਕੰਮ ਕਰ ਰਹੀਆਂ ਇਨਾਂ ਵਰਕਰਜ਼ ਕੋਲ ਸੁਰੱਖਿਆ ਉਪਕਰਨਾਂ ( ਸੇਫਟੀ ਕਿਟਾਂ) ਦੀ ਮੁਕੰਮਲ ਅਣਹੋਂਦ ਹੈ। ਸਾਥੀ ਪਾਸਲਾ ਨੇ ਕੇਂਦਰੀ ਅਤੇ ਸੂਬਾ ਸਰਕਾਰਾਂ ਤੋਂ ਇਹ ਅਮਾਨਵੀ ਰਵੱਈਆ ਫੌਰੀ ਬੰਦ ਕਰਨ ਦੀ ਅਪੀਲ ਕਰਦਿਆਂ ਮੰਗ ਕੀਤੀ ਕਿ ਆਸ਼ਾ ਵਰਕਰਜ਼ ਬਿਨਾਂ ਦੇਰੀ ਪੱਕੀਆਂ ਕੀਤੀਆਂ ਜਾਣ, ਉਨਾਂ ਨੂੰ ਸਨਮਾਨ ਜਨਕ ਉਜਰਤਾਂ, ਪੂਰੇ ਤੇ ਮਿਆਰੀ ਸੁਰੱਖਿਆ ਉਪਕਰਨ ਅਤੇ ਕਿਸੇ ਅਣਹੋਣੀ ਵਾਪਰ ਜਾਣ ਦੀ ਸੂਰਤ ਵਿੱਚ ਢੁਕਵੀਂ ਸਮਾਜਕ ਸੁਰੱਖਿਆ ਦਿੱਤੀ ਜਾਵੇ।
ਉਨਾਂ ਕਿਹਾ ਕਿ ਉਕਤ ਮੰਗਾਂ ਮੰਨਣ ਅਤੇ ਲਾਗੂ ਕੀਤੇ ਬਗੈਰ ਕੋਰੋਨਾ ਮਹਾਂਮਾਰੀ ਖਿਲਾਫ਼ ਜੂਝ ਰਹੇ ਕਰਮਚਾਰੀਆਂ ਨੂੰ ਕੇਵਲ ਗੱਲੀਂ ਬਾਤੀਂ ‘ਕੋਰੋਨਾ ਵਾਰਿਅਰਸ‘ ਦੀ ਫੋਕੀ ਉਪਾਧੀ ਨਾਲ ਨਿਵਾਜਨ ਜਾਂ ਇਨਾਂ ਉੱਪਰ ‘ਪੁਸ਼ਪ ਵਰਸ਼ਾ‘ ਆਦਿ ਜਿਹੇ ਢਕਵੰਜ ਕੀਤਿਆਂ ਮਹਾਂਮਾਰੀ ਦਾ ਖਾਤਮਾ ਨਹੀਂ ਕੀਤਾ ਜਾ ਸਕਣਾ, ਬਲਕਿ ਇਸ ਮਹਾਨ ਉਦੇਸ਼ ਦੀ ਪੂਰਤੀ ਲਈ ਸੁਹਿਰਦ ਨਜਰੀਆ ਅਤੇ ਸਰਬਵਿਆਪੀ ਲੋਕ ਹਿਤੂ ਨੀਤੀ ਦੀ ਲੋੜ ਹੈ ਜੋਕਿ ਸਰਕਾਰਾਂ ਦੇ ਕਾਰ ਵਿਹਾਰ ਚੋਂ ਇਸ ਦੀ ਝਲਕ ਮਾਤਰ ਵੀ ਨਜਰ ਨਹੀਂ ਆਉਂਦੀ ਹੈ।
ਸਾਥੀ ਪਾਸਲਾ ਨੇ ਕਿਹਾ ਕਿ ਲਾੱਕ ਡਾਊਨ ਦੇ ਬਾਵਜੂਦ ਅਨੇਕ ਥਾਂਵਾਂ ਉੱਤੇ ਭੁੱਖ ਦੇ ਸਤਾਏ ਮਜਦੂਰਾਂ, ਖਾਸ ਕਰਕੇ ਪ੍ਰਵਾਸੀ ਕਿਰਤੀਆਂ ਦੇ ਸੜਕਾਂ ‘ਤੇ ਆਉਣ ਦੀਆਂ ਘਟਨਾਵਾਂ ਤੋਂ ਹੁਕੂਮਤੀ ਢਾਂਚੇ ਨੂੰ ਕੰਧ ‘ਤੇ ਲਿਖਿਆ ਪੜ ਲੈਣਾ ਚਾਹੀਦਾ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇ ਸਰਕਾਰਾਂ ਨੇ ਲੋਕਾਈ ਪ੍ਰਤੀ ਨਿਰਦਈ ਰਵੱਈਆ ਨਾ ਤਿਆਗਿਆ ਤਾਂ ਆਵਾਮ ਕੋਲ ਸੰਘਰਸ਼ ਦੇ ਮੈਦਾਨਾਂ ਵਿਚ ਨਿੱਤਰਨ ਤੋਂ ਛੁੱਟ ਕੋਈ ਰਾਹ ਨਹੀਂ ਬਚਣਾ ਅਤੇ ਇਸ ਦੀ ਸਾਰੀ ਜਿੰਮੇਵਾਰੀ ਕੇਂਦਰੀ ਤੇ ਸੂਬਾਈ ਸਰਕਾਰਾਂ ਦੀ ਹੋਵੇਗੀ।
ਇਸ ਦੌਰਾਨ ਪਾਰਟੀ ਦੇ ਪੰਜਾਬ ਰਾਜ ਕਮੇਟੀ ਦੇ ਪ੍ਰਧਾਨ ਸਾਥੀ ਰਤਨ ਸਿੰਘ ਰੰਧਾਵਾ, ਸਕੱਤਰ ਅਤੇ ਕਾਰਜਕਾਰੀ ਸਕੱਤਰ ਸਾਥੀ ਹਰਕੰਵਲ ਸਿੰਘ ਤੇ ਪਰਗਟ ਸਿੰਘ ਜਾਮਾਰਾਏ ਨੇ ਸੂਬਾ ਸਕੱਤਰੇਤ ਵੱਲੋਂ ਸਮੂਹ ਪਾਰਟੀ ਕਮੇਟੀਆਂ, ਹਮਦਰਦਾਂ ਅਤੇ ਜਨਸੰਗਠਨਾਂ ਦੇ ਕਾਰਕੁੰਨਾਂ ਨੂੰ ਆਸ਼ਾ ਵਰਕਰਜ਼ ਵੱਲੋਂ ਕੀਤੀ ਜਾ ਰਹੀ ਨਿਆਂ ਸੰਗਤ ਹੜਤਾਲ ਦੇ ਹੱਕ ਵਿੱਚ ਨਿੱਤਰਨ ਦਾ ਸੱਦਾ ਦਿੱਤਾ ਹੈ।