← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ, 27 ਅਪਰੈਲ 2020: ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਪੂਰੇ ਸੂਬੇ ਵਿਚ 1 ਮਈ ਦਿਨ ਸ਼ੁੱਕਰਵਾਰ ਨੂੰ ਮਜ਼ਦੂਰ ਦਿਹਾੜਾ ਮਨਾਇਆ ਜਾਵੇਗਾ ਤੇ ਉਹਨਾਂ ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ ਜਿੰਨਾਂ ਨੇ ਮਜ਼ਦੂਰਾਂ ਦੇ ਹੱਕਾਂ ਲਈ ਲੜਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ। ਉਹਨਾਂ ਦੱਸਿਆ ਕਿ ਪਿੰਡ ਪੱਧਰ ’ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਆਵਾਜ ਬੁਲੰਦ ਕਰਨਗੀਆਂ ਜਦੋਂ ਕਿ ਜਿਲਾ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਵੱਲੋਂ5-5 ਆਗੂਆਂ ਨਾਲ ਜਿਲਾ ਅਤੇ ਬਲਾਕ ਪੱਧਰ ਤੇ ਮੀਟਿੰਗਾਂ ਕੀਤੀਆਂ ਜਾਣਗੀਆਂ। ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਵੇਖਦਿਆਂ ਅੱਜ ਮਜ਼ਦੂਰਾਂ ਨੂੰ ਇੱਕਜੁੱਟ ਕਰਨ ਦੀ ਲੋੜ ਹੈ ਤਾਂ ਜੋ ਸਰਕਾਰ ਖ਼ਿਲਾਫ਼ ਸਾਂਝਾ ਸੰਘਰਸ਼ ਕਰਕੇ ਮਜ਼ਦੂਰਾਂ ਨੂੰ ਉਨਾਂ ਦੇ ਹੱਕ ਦਿਵਾਏ ਜਾ ਸਕਣ। ਉਨਾਂ ਕਿਹਾ ਕਿ ਮਈ ਦਿਵਸ ਅਸਲ ਵਿੱਚ ਜਬਰ ਤੇ ਲੁੱਟ ਤੋਂ ਮੁਕਤੀ ਲਈ ਸੰਘਰਸ਼ ਦੀ ਸ਼ੁਰੂਆਤ ਸੀ ਜਿਸ ਦੀ ਅੱਜ ਵੀ ਓਨੀ ਸਾਰਥਿਕਤਾ ਹੈ।। ਉਨਾਂ ਕਿਹਾ ਕਿ ਅੱਜ ਸੰਸਾਰ ਸਾਮਰਾਜ ਪ੍ਰਬੰਧ ਅਪਣੇ ਆਰਥਿਕ ਸੰਕਟ ਦਾ ਭਾਰ ਭਾਰਤ ਵਰਗੇ ਗਰੀਬ ਦੇਸ਼ਾਂ ਦੇ ਸਿਰ ਲੱਦਿਆ ਜਾ ਰਿਹਾ ਹੈ ਅਤੇ ਭਾਰਤੀ ਹਾਕਮਾਂ ਵੱਲੋਂ ਸਾਮਰਾਜੀ ਨੀਤੀਆਂ ਨੂੰ ਭਾਰਤ ਦਾ ਅਖੌਤੀ ਵਿਕਾਸ ਅਤੇ ਕਿਰਤ ਕਨੂੰਨਾਂ ਨੂੰ ਸਰਮਾਏਪੱਖੀ ਬਣਾ ਕੇ ਮਜਦੂਰ ਸੰਘਰਸ਼ਾਂ ਨੂੰ ਕੁਚਲਿਆ ਜਾ ਰਿਹਾ ਹੈ। ਸੂਬਾ ਪ੍ਰਧਾਨ ਨੇ ਸਾਰੀਆਂ ਵਰਕਰਾਂ ਤੇ ਹੈਲਪਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ ਬੁਲੰਦ ਕਰਕੇ ਇਸ ਦਿਨ ਨੂੰ ਵਧ ਚੜ ਕੇ ਮਨਾਉਣ।
Total Responses : 267