ਅਸ਼ੋਕ ਵਰਮਾ
- ਡੀਟੀਐੱਫ ਵੱਲੋਂ ਸੰਘਰਸ਼ ਦੀ ਹਮਾਇਤ
ਬਠਿੰਡਾ, 5 ਮਈ 2020 - ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਬਠਿੰਡਾ ਨੇ 7 ਮਈ ਨੂੰ ਆਪਣੀਆਂ ਮੰਗਾਂ ਤੇ ਜੋਰ ਪਾਉਣ ਲਈ ਇੱਕ ਦਿਨ ਵਾਸਤੇ ਕੰਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ। ਜਿਲਾ ਪ੍ਰਧਾਨ ਸੁਰੰਜਣਾ ਰਾਣੀ ਅਤੇ ਸੁਖਵਿੰਦਰ ਕੌਰ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਸੱਦੇ ਨੂੰ ਲਾਗੂ ਕਰਨ ਲਈ ਬਠਿੰਡਾ ਜਿਲੇ ਦੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ 7 ਮਈ ਨੂੰ ਰੋਸ ਜਤਾਉਣਗੀਆਂ।ਮੋਗਾ ਵਿੱਚ ਚਾਰ ਆਸ਼ਾ ਵਰਕਰਾਂ ਦੇ ਕਰੋਨਾ ਪਾਜ਼ਟਿਵ ਆਉਣ ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਉਹਨਾ ਨੇ ਕਿਹਾ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਕਿੰਨੀਆਂ ਮੁਸ਼ਕਿਲ ਹਾਲਤਾਂ ਅੰਦਰ ਕੰਮ ਕਰਕੇ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਕੁੰਭਕਰਨੀ ਨੀਦ ਸੁੱਤੀ ਹੋਈ ਹੈ।
ਉਨਾਂ ਦੱਸਿਆ ਕਿ ਇਸ ਦਿਨ ਸਭ ਵਰਕਰਾਂ ਆਪਣੇ ਆਪਣੇ ਸਬ ਸੈਂਟਰਾਂ ‘ਤੇ ਜਥੇਬੰਦੀ ਦੇ ਝੰਡੇ ਅਤੇ ਕਾਲੇ ਦੁੱਪਟੇ ਲੈ ਕੇ 9-10 ਵਜੇ ਤੱਕ ਰੋਸ ਪ੍ਰਦਰਸ਼ਨ ਕਰਨਗੀਆਂ ਅਤੇ ਫਿਰ ਪੂਰਾ ਦਿਨ ਆਪਣੇ ਹਰੇਕ ਕਿਸਮ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਰੱਖਣਗੀਆਂ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਫਿਰ ਵੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦਿੰਦੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਰੂਪ ਦਿੱਤਾ ਜਾਵੇਗਾ।
ਜਥੇਬੰਦੀ ਦੀ ਸੂਬਾ ਆਗੂ ਪਰਮਜੀਤ ਕੌਰ ਮਾਨ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਹੈ ਕਿ ਕੋਵਿਡ 19 ਦੀ ਮਹਾਂਮਾਰੀ ਦੌਰਾਨ ਆਸ਼ਾ ਵਰਕਰਾਂ ਨੂੰ ਬਗੈਰ ਪੂਰਾ ਮਿਹਨਤਾਨਾ ਅਤੇ ਪੂਰਾ ਸੁਰੱਖਿਆ ਸਾਮਾਨ ਮਾਸਕ, ਗਲਬਜ਼ ਅਤੇ ਸੈਨੀਟਾਇਜਰ ਆਦਿ ਦਿੱਤਿਆਂ ਮੌਤ ਦੇ ਮੂੰਹ ਵਿੱਚ ਧੱਕਿਆ ਜਾ ਰਿਹਾ ਹੈ। ਉਨਾਂ ਆਖਿਆ ਕਿ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਦੂਜੇ ਮੁਲਾਜਮਾਂ ਦੀਆਂ ਮੰਗਾਂ ਮੰਨਣ ਲਈ ਮੀਟਿੰਗ ਕੀਤੀ ਹੈ ਜਦੋਂਕਿ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਲਗਾਤਾਰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਜਿਸ ਕਰਕੇ ਜਥੇਬੰਦੀ ਤਿੱਖੇ ਐਕਸ਼ਨ ਲਈ ਮਜਬੂਰ ਹੋ ਗਈ ਹੈ।
ਇਸ ਮੌਕੇ ਸ਼ਿੰਦਰਪਾਲ ਕੌਰ,ਰੁਪਿੰਦਰ ਕੌਰ,ਸਵਰਨਜੀਤ ਕੌਰ,ਵੀਰਪਾਲ ਕੌਰ,ਮਨਜੀਤ ਕੌਰ ਮਹਿਤਾ,ਬਲਵਿੰਦਰ ਕੌਰ ਚੱਕ ,ਊਸ਼ਾ ਰਾਣੀ,ਸੁਖਦੇਵ ਕੌਰ,ਮਨਜੀਤ ਕੌਰ,ਅਤੇ ਨੀਲਮ ਰਾਣੀ ਨੇ 7ਮਈ ਦੀ ਇੱਕ ਰੋਜਾ ਹੜਤਾਲ ਨੂੰ ਸਫਲ ਬਣਾਉਣ ਲਈ ਪੂਰਾ ਜੋਰ ਲਗਾਉਣ ਦਾ ਸੱਦਾ ਦਿੱਤਾ।
ਡੀਟੀਐੱਫ ਵੱਲੋਂ ਸੰਘਰਸ਼ ਦੀ ਹਮਾਇਤ
ਡੈਮੋਕਰੈਟਿਕ ਟੀਚਰਜ ਫਰੰਟ ਪੰਜਾਬ ਨੇ ਆਸ਼ਾ ਵਰਕਰਾਂ ਦੇ ਕੀਤੇ ਜਾ ਰਹੇ ਆਰਥਿਕ ਸ਼ੋਸ਼ਣ ਦੀ ਕਰੜੇ ਸ਼ਬਦਾਂ ’ਚ ਆਲੋਚਨਾ ਕਰਦਿਆਂ ਜੱਥੇਬੰਦੀ ਦੇ 7 ਮਈ ਦੇ ਸੰਘਰਸ਼ ਦੀਹਮਾਇਤ ਦਾ ਐਲਾਨ ਕੀਤਾ ਹੈ। ਡੀ.ਟੀ.ਐੱਫ ਬਠਿੰਡਾ ਦੇ ਜਿਲਾ ਪ੍ਰਧਾਨ ਰੇਸ਼ਮ ਸਿੰਘ, ਜਰਨਲ ਸਕੱਤਰ ਬਲਜਿੰਦਰ ਸਿੰਘ ਅਤੇ ਵਿੱਤ ਸਕੱਤਰ ਬਲਵਿੰਦਰ ਸ਼ਰਮਾ, ਨੇ ਮੰਗ ਕੀਤੀ ਕਿ ਆਸ਼ਾ ਵਰਕਰਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਆਪਣੀ ਸੇਵਾਵਾਂ ਦੇਣ ਦੇ ਇਵਜ਼ ਵਿੱਚ ਕਰੋਨਾ ਵਾਰੀਅਰਜ਼ ਵਿੱਚ ਸ਼ਾਮਲ ਕਰੇ , 50 ਲੱਖ ਰੁਪਏ ਦਾ ਬੀਮਾ ਕਰਵਾਏ ਅਤੇ ਪੂਰੇ ਗਰੇਡ ’ਚ ਰੈਗੂਲਰ ਕਰਕੇ ਉਨਾਂ ਦਾ ਮਨੋਬਲ ਨੂੰ ਉੱਚਾ ਕੀਤਾ ਜਾਹੇ ਤਾਂ ਜੋ ਤਾਂ ਜੋ ਉਹ ਕਰੋਨਾ ਖਿਲਾਫ ਜੰਗ ਵਿੱਚ ਵੱਧ ਚੜ ਕੇ ਹਿੱਸਾ ਪਾਉਣ।
ਉਨਾਂ ਆਸ਼ਾ ਵਰਕਰਾਂ ਅਤੇ ਫੈਸਲੀਟੇਟਰਾਂ ਨੂੰ ਪੀ.ਪੀ.ਈ.ਕਿੱਟਾਂ, ਮਾਸਕ, ਗਲਬਜ਼ ਅਤੇ ਸ਼ੈਨੇਟਾਇਜਰ ਦੇਣ, ਡਿਉਟੀ ਦੇਣ ਬਦਲੇ 750 ਰੁਪਏ ਪ੍ਰਤੀ ਦਿਨ ਅਦਾ ਕਰਨ ਅਤੇ ਪਾਜ਼ਿਟਿਵ ਆਉਣ ਵਾਲੀਆਂ ਆਸ਼ਾ ਵਰਕਰਾਂ ਨੂੰ 10ਹਜਾਰ ਰੁਪਏ ਪ੍ਰਤੀ ਮਹੀਨਾ ਸ਼ਪੈਸ਼ਲ ਭੱਤਾ ਮਾਰਚ 2021 ਤੱਕ ਦੇਣ ਦੀ ਮੰਗ ਕੀਤੀ। ਡੀਟੀਐੱਫ ਆਗੂਆਂ ਮੀਤ ਪ੍ਰਧਾਨ ਪਰਵਿੰਦਰ ਸਿੰਘ ਅਤੇ ਸਹਾਇਕ ਸਕੱਤਰ ਗੁਰਪ੍ਰੀਤ ਸਿੰਘ ਖੇਮੂਆਣਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਆਸ਼ਾ ਵਰਕਰਾਂ ਦੀਆਂ ਮੰਗਾ ਨਾ ਮੰਨੀਆਂ ਤਾਂ ਅਧਿਆਪਕ ਜੱਥੇਬੰਦੀ ਆਸ਼ਾ ਵਰਕਰ ਤੇ ਫੈਸਲੀਟੇਟਰ ਯੂਨੀਅਨ ਦੇ ਸੰਘਰਸ਼ ਨੂੰ ਹਰ ਸਹਿਯੋਗ ਦੇਵੇਗੀ।