ਅਸ਼ੋਕ ਵਰਮਾ
ਬਠਿੰਡਾ, 27 ਅਪਰੈਲ 2020: ‘ਆਸ਼ਾ ਵਰਕਰਜ ਤੇ ਫੈਸਿਲੀਟੇਟਰ ਯੂਨੀਅਨ’ ਪੰੰਜਾਬ ਦੇ ਸੱਦੇ ‘ਤੇ ਸਿਹਤ ਵਿਭਾਗ ਵਿੱਚ ਪਿਛਲੇ 14-14 ਸਾਲਾਂ ਤੋਂ ਨਿਗੂਣੇ ਭੱਤਿਆਂ ‘ਤੇ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਸਰਕਾਰ ਵੱਲੋਂ ਉਹਨਾ ਨੂੰ ਅੱਖੋਂ ਪਰੋਖੇ ਕਰਨ ਅਤੇ ਘੱਟੋ ਘੱਟ ਉਜਰਤਾਂ ਨਾ ਦੇਣ ਦੇ ਰੋਸ ਵਜੋਂ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਸਬ ਸੈਂਟਰਾਂ ਵਿਖੇ ਸਿਰਾਂ ‘ਤੇ ਕਾਲੀਆਂ ਚੁੰਨੀਆਂ ਲੈ ਕੇ ਸਰਕਾਰ ਵਿਰੁੱਧ ਰੋਸ ਪ੍ਰਗਟ ਕਰਦਿਆਂ ਜਥੇਬੰਦੀ ਦੇ ਝੰਡੇ ਲਹਿਰਾਏ । ਆਗੂਆਂ ਇਸ ਦੌਰਾਨ ਚਿਤਾਵਨੀ ਦਿੱਤੀ ਕਿ ਮੰਗਾਂ ਮਨਵਾਉਣ ਲਈ ਸਰਕਾਰ ਨੂੰ ਹਰ ਫਰੰਟ ਦੇ ਘੇਰਿਆ ਜਾਏਗਾ। ਰੋਸ ਵਿਖਾਵਾ ਕਰ ਰਹੀਆਂ ਮਹਿਲਾਵਾਂ ਨੇ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਕਰੋਨਾ ਦੀ ਐਮਰਜੈਂਸੀ ਡਿੳੂਟੀ ਦੇ ਨਾਲ ਨਾਲ ਸੰਘਰਸ਼ ਦਾ ਬਿਗੁਲ ਵੀ ਵਜਾਇਆ।
ਸੂਬਾ ਆਗੂ ਪਰਮਜੀਤ ਕੌਰ ਮਾਨ ਅਤੇ ਜਿਲਾ ਪ੍ਰਧਾਨ ਸਰਜਣਾ ਰਾਣੀ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਖਤਰੇ ਨਾਲ ਪਹਿਲੀ ਕਤਾਰ ਵਿੱਚ ਜੂਝ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਮਾਸਕ, ਦਸਤਾਨੇ ਅਤੇ ਹੋਰ ਸੇਫਟੀ ਕਿੱਟਾਂ ਦੀ ਘਾਟ ਦੇ ਬਾਵਜੂਦ ਵੀ ਪਿੰਡਾਂ ਅਤੇ ਮੁਹੱਲਿਆਂ ਵਿੱਚ ਘਰੋ ਘਰੀ ਜਾ ਕੇ ਸਰਵੇਖਣ ਕਰ ਰਹੀਆਂ ਹਨ ਜੋਕਿ ਚਿੰਤਾਜਨਕ ਹੈ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ 2020-21 ਵਿੱਚ ਜੀ.ਡੀ.ਪੀ. ਦਾ ਕੇਵਲ 0.98 ਫੀਸਦੀ ਬਜਟ ਸਿਹਤ ਸੇਵਾਵਾਂ ਲਈ ਰੱਖਿਆ ਗਿਆ ਹੈ, ਜੋ ਕਿ ਇੱਕ ਫੀਸਦੀ ਤੋਂ ਵੀ ਘੱਟ ਹੈ। ਇਸੇ ਤਰਾਂ ਪੰਜਾਬ ਸਰਕਾਰ ਵੱਲੋਂ ਸਿਹਤ ਸੇਵਾਵਾਂ ਲਈ ਕੇਵਲ 3778 ਕਰੋੜ ਰੱਖੇ ਗਏ ਹਨ ਜੋ ਕਿ ਸੂਬੇ ਦੀ ਜੀ.ਡੀ.ਪੀ. ਦਾ ਕੇਵਲ ਅੱਧਾ ਪ੍ਰਤੀਸ਼ਤ ਬਜਟ ਹੀ ਬਣਦੇ ਹਨ। ਉਨਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਦੋਵਾਂ ਸਰਕਾਰਾਂ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਭੱਠਾ ਬਿਠਾ ਦਿੱਤਾ ਹੈ.।
ਆਗੂਆਂ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਲਈ ਸੂਬੇ ਭਰ ਦੇ ਹਸਪਤਾਲਾਂ ਅਤੇ ਮੁਢਲੇ ਸਿਹਤ ਕੇਂਦਰਾਂ ਨੂੰ ਸਰਕਾਰ ਵੱਲੋਂ ਪੀ.ਪੀ.ਈ. ਕਿੱਟਾਂ, ਮਾਸਕ, ਦਸਤਾਨੇ ਅਤੇ ਹੋਰ ਸੇਫਟੀ ਕਿੱਟਾਂ ਦੀ ਲੋੜ ਅਨੁਸਾਰ ਪੂਰੀ ਸਪਲਾਈ ਨਾ ਭੇਜਣ ਦਾ ਖਮਿਆਜਾ ਸਿਹਤ ਵਿਭਾਗ ਵਿੱਚ ਸਭ ਤੋਂ ਹੇਠਲੇ ਪੱਧਰ ‘ਤੇ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਭੁਗਤਣਾ ਪੈ ਰਿਹਾ ਹੈ ਜੋਕਿ ਆਪਣੇ ਦੁਪੱਟਿਆਂ ਨਾਲ ਮੂੰਹ ਢੱਕ ਕੇ ਕੰਮ ਕਰਨ ਲਈ ਮਜਬੂਰ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਕਰੋਨਾ ਮਹਾਂਮਾਰੀ ਦੌਰਾਨ ਦਰਜਾ-4 ਵਰਕਰ ਦੀ 750/- ਰੁਪਏ ਦਿਹਾੜੀ ‘ਤੇ ਆਰਜੀ ਭਰਤੀ ਕਰ ਰਹੀ ਹੈ, ਜਦੋਂ ਕਿ ਪਿੰਡਾਂ ਅਤੇ ਮੁਹੱਲਿਆਂ ਵਿੱਚ ਕਰੋਨਾ ਦਾ ਸਰਵੇ ਅਤੇ ਲੋਕਾਂ ਦੀ ਦੇਖ ਰੇਖ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸਿਰਫ 33 ਰੁਪਏ ਅਤੇ ਫੈਸਿਲੀਟੇਟਰਾਂ ਨੂੰ ਨਿਗੂਣੇ 16 ਰੁਪਏ ਦਿਹਾੜੀ ਵਜੋਂ ਦਿੱਤੇ ਜਾ ਰਹੇ ਹਨ।
ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ.ਰਜਿਸਟਰਡ ਉਸਾਰੀ ਕਾਮਿਆਂ ਵਾਂਗ ਅਗਲੇ ਤਿੰਨ ਮਹੀਨੇ ਲਈ ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਗੁਜਾਰਾ ਭੱਤਾ ਦਿੱਤਾ ਜਾਵੇ, ਐਮਰਜੈਂਸੀ ਭਰਤੀ ਕੀਤੇ ਗਏ ਆਰਜੀ ਦਰਜਾ-4 ਵਰਕਰਾਂ ਵਾਂਗ ਐਮਰਜੈਂਸੀ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਵੀ ਘੱਟੋ ਘੱਟ 750/- ਰੁਪਏ ਦਿਹਾੜੀ ਵਜੋਂ ਦਿੱਤੇ ਜਾਣ, ਆਸ਼ਾ ਵਰਕਰਾਂ ਨੂੰ ਲੋੜ ਅਨੁਸਾਰ ਮਾਸਕ, ਦਸਤਾਨੇ ਤੇ ਹੋਰ ਸੇਫਟੀ ਸਮਾਨ ਦਿੱਤਾ ਜਾਵੇ ਅਤੇ ਹਾਟ ਸਪਾਟ ਜਿਲਿਆਂ ’ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਪੀ.ਪੀ.ਈ. ਕਿੱਟਾਂ ਦਿੱਤੀਆਂ ਜਾਣ ਅਤੇ ਮੌਤ ਦੇ ਮੂੰਹ ਵਿੱਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ‘ਤੇ ਘੱਟੋ ਘੱਟ ਉਜਰਤਾਂ ਲਾਗੂ ਕਰਕੇ ਪੱਕਾ ਕੀਤਾ ਜਾਵੇ।