ਅਸ਼ੋਕ ਵਰਮਾ
ਬਠਿੰਡਾ, 10 ਮਈ 2020 - ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਅਮਰਜੀਤ ਕੌਰ ਕੰਮੇਆਣਾ ਅਤੇ ਜਨਰਲ ਸਕੱਤਰ ਪਰਮਜੀਤ ਕੌਰ ਮਾਨ ਦੀ ਅਗਵਾਈ ਹੇਠ ਆਨਲਾਈਨ ਮੀਟਿੰਗ ਦੌਰਾਨ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੰ ਆ ਰਹੀਆਂ ਮੁਸ਼ਕਿਲਾ ਬਾਰੇ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਜਥੇਬੰਦੀ ਨੇ ਘੱਟੋ ਘੱਟ ਉਜਰਤਾਂ ਕਾਨੂੰਨ ਤਹਿਤ ਆਸ਼ਾ ਵਰਕਰ ਲਈ 9,958 ਰੁ: ਅਤੇ ਆਸ਼ਾ ਫੈਸਿਲੀਟੇਟਰਾਂ ਲਈ 18,000 ਰੁਪਏ ਪ੍ਰਤੀ ਮਹੀਨਾ ਤਨਖਾਹ ਲਾਗੂ ਕਰਵਾਉਣ, ਮਾਣ ਭੱਤਿਆਂ ਤੇ ਫੀਲਡ ਦੌਰਿਆਂ ਦੀ ਰਾਸ਼ੀ ਵਿੱਚ ਸਲਾਨਾ 20 ਫੀਸਦੀ ਵਾਧਾ ਕਰਵਾਉਣ ਅਤੇ ਸਾਲ ਵਿੱਚ ਦੋ ਵਾਰ ਵਰਦੀ ਭੱਤਾ ਜਾਰੀ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਪੜਾਅਵਾਰ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।
ਜਿਲ੍ਹਾ ਪ੍ਰਧਾਨ ਸੁਰੰਜਨਾ ਰਾਣੀ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਕਿੰਨੀਆਂ ਮੁਸ਼ਕਿਲ ਹਾਲਤਾਂ ਅੰਦਰ ਨਿਗੁਣੇ ਮਾਣ ਭੱਤਿਆਂ ਤੇ ਕੰਮ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕਰੋਨਾਂ ਵਾਇਰਸ ਦੀਆਂ ਡਿਊਟੀਆਂ ਨੂੰ ਲੈ ਕੇ ਚਲਾਏ ਸ਼ੰਘਰਸ਼ ਅਤੇ 7 ਮਈ ਦੀ ਹੜਤਾਲ ਦੇ ਦਬਾਅ ਹੇਠ ਭਾਵੇਂ ਪੰਜਾਬ ਸਰਕਾਰ ਨੇ ਕੋਵਿਡ-19 ਨਾਲ ਸਬੰਧਤ ਕੁਝ ਮੰਗਾਂ ਨੂੰ ਅੰਸ਼ਿਕ ਰੂਪ ਵਿੱਚ ਮੰਨ ਲਿਆ ਹੈ, ਪ੍ਰੰਤੂ ਉਹਨਾਂ ਦੀਆਂ ਕਈ ਵਾਜ਼ਬ ਮੰਗਾਂ ਬਿਲਕੁਲ ਅਣਗੌਲੀਆਂ ਪਈਆਂ ਹਨ, ਜਿਸ ਕਾਰਨ ਵਰਕਰਾਂ ਵਿੱਚ ਭਾਰੀ ਰੋਸ ਹੈ। ਇਸ ਲਈ ਫੈਸਲਾ ਕੀਤਾ ਗਿਆ ਕਿ ਮਿਤੀ 15 ਮਈ ਨੂੰ ਪੰਜਾਬ ਦੇ ਸਾਰੇ ਜਿਲਿਆਂ ਵਿੱਚ ਜਿਲਾ ਕਮੇਟੀਆਂ ਵੱਲੋਂ ਡਿਪਟੀ ਕਮਿਸ਼ਨਰਾਂ, ਸਿਵਲ ਸਰਜਨਾਂ ਅਤੇ 18 ਮਈ ਨੂੰ ਸੀਨੀਅਰ ਮੈਡੀਕਲ ਅਫਸਰਾਂ ਰਾਹੀਂ ਮੰਗ ਪੱਤਰ ਭੇਜਣ ਤੋਂ ਬਾਅਦ 28 ਮਈ ਨੂੰ ਪੰਜਾਬ ਦੇ ਸਮੂਹ ਸਬ ਸੈਂਟਰਾਂ ‘ਤੇ ਸਵੇਰੇ 8-10 ਵਜੇ ਤੱਕ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਮੀਟਿੰਗ ਵਿੱਚ ਸ਼ੰਕੁਤਲਾ ਦੇਵੀ, ਸਰਬਜੀਤ ਕੌਰ ਮਚਾਕੀ, ਮਨਦੀਪ ਕੌਰ ਸੰਧੂ, ਸਰਬਜੀਤ ਕੌਰ ਛੱਜਲਵੱਡੀ, ਗੁਰਜੀਤ ਕੌਰ ਸ਼ਾਹਕੋਟ, ਲਖਵਿੰਦਰ ਕੌਰ ਨਾਰਲੀ, ਅਮਿੰਤਪਾਲ ਕੌਰ, ਰਾਜਵਿੰਦਰ ਕੌਰ ਗੁਰਦਾਸਪੁਰ, ਹਰਜੀਤ ਕੌਰ ਚੋਹਲਾ, ਕਰਮਜੀਤ ਕੌਰ ਮੁਕਤਸਰ, ਬਲਵਿੰਦਰ ਕੌਰ ਕਲਾਨੌਰ, ਕੁਲਵਿੰਦਰ ਕੌਰ ਫਗਵਾੜਾ, ਪੁਸ਼ਪਿੰਦਰ ਕੌਰ ਪਾਂਛਟਾ, ਰਜਨੀ ਘਰੋਟਾ , ਸਦਿਰਪਾਲ ਕੌਰ,ਪੂਜਾ ਲਕਸ਼ਮੀ ਬਾਈ, ਹਰਮਿੰਦਰ ਕੌਰ, ਸਿਕੰਦਰ ਕੌਰ ਮੋਗਾ ਤੋਂ ਇਲਾਵਾ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਜਰਮਨਜੀਤ ਸਿੰਘ,ਹਰਿੰਦਰ ਦੁਸਾਂਝ, ਅਮਰਜੀਤ ਸ਼ਾਸ਼ਤਰੀ ਅਤੇ ਵਿਕਰਮ ਦੇਵ ਸਿੰਘ ਸਮੇਤ ਹੋਰ ਕਈ ਆਗੂਆ ਨੇ ਹਿੱਸਾ ਲਿਆ।