ਅਸ਼ੋਕ ਵਰਮਾ
ਬਠਿੰਡਾ, 30 ਅਪਰੈਲ 2020 - ‘ਆਸ਼ਾ ਵਰਕਰਜ ਤੇ ਫੈਸਿਲੀਟੇਟਰ ਯੂਨੀਅਨ’ ਪੰੰਜਾਬ ਦੇ ਸੱਦੇ ‘ਤੇ ਸਿਹਤ ਵਿਭਾਗ ਵਿੱਚ ਪਿਛਲੇ 14-14 ਸਾਲਾਂ ਤੋਂ ਨਿਗੂਣੇ ਭੱਤਿਆਂ ‘ਤੇ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੇ ਬਠਿੰਡਾ ਜਿਲੇ ਦੇ ਪਿੰਡ ਭੋਡੀਪੁਰਾ ’ਚ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਵਿਰੋਧੀ ਨਾਅਰੇ ਲਾਏ। ਪ੍ਰਧਾਨ ਰੁਪਿੰਦਰ ਕੌਰ ਅਤੇ ਮੀਤ ਪ੍ਰਧਾਨ ਸਵਰਨਜੀਤ ਕੌਰ ਬਰਾੜ ਨੇ ਕਿਹਾ ਕਿ ਕਰੋਨਾ ਵਾਇਰਸ ਨਾਂਲ ਨਿਪਟਣ ਲਈ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਮਾਸਕ, ਦਸਤਾਨੇ ਅਤੇ ਹੋਰ ਸੇਫਟੀ ਕਿੱਟਾਂ ਨਹੀਂ ਦਿੱਤੇ ਫਿਰ ਵੀ ਉਹ ਘਰੋ ਘਰੀ ਜਾ ਕੇ ਸਰਵੇਖਣ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਦੀਆਂ ਦੋਵਾਂ ਸਰਕਾਰਾਂ ਨੇ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਭੱਠਾ ਬਿਠਾ ਦਿੱਤਾ ਹੈ ਜਿਸ ਦਾ ਖਮਿਆਜਾ ਹੁਣ ਲੋਕ ਅਤੇ ਮੁਲਾਜਮ ਭੁਗਤਣ ਲੱਗੇ ਹਨ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਕਰੋਨਾ ਮਹਾਂਮਾਰੀ ਦੌਰਾਨ ਦਰਜਾ-4 ਵਰਕਰ ਦੀ 750 ਰੁਪਏ ਦਿਹਾੜੀ ‘ਤੇ ਆਰਜੀ ਭਰਤੀ ਕਰ ਰਹੀ ਹੈ, ਜਦੋਂ ਕਿ ਆਸ਼ਾ ਵਰਕਰਾਂ ਨੂੰ ਸਿਰਫ 33 ਰੁਪਏ ਅਤੇ ਫੈਸਿਲੀਟੇਟਰਾਂ ਨੂੰ ਨਿਗੂਣੇ 16 ਰੁਪਏ ਦਿਹਾੜੀ ਦੇ ਦਿੱਤੇ ਜਾ ਰਹੇ ਹਨ। ਆਗੂਆਂ ਨੇ ਪੰਜਾਬ ਸਰਕਾਰ ਤੋਂ ਰਜਿਸਟਰਡ ਉਸਾਰੀ ਕਾਮਿਆਂ ਵਾਂਗ ਅਗਲੇ ਤਿੰਨ ਮਹੀਨੇ ਲਈ ਪੰਜਾਬ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਪ੍ਰਤੀ ਮਹੀਨਾ 3000 ਰੁਪਏ ਗੁਜਾਰਾ ਭੱਤਾ ਦਿੱਤਾ ਦੇਣ, ਐਮਰਜੈਂਸੀ ਭਰਤੀ ਕੀਤੇ ਗਏ ਆਰਜੀ ਦਰਜਾ-4 ਵਰਕਰਾਂ ਵਾਂਗ ਐਮਰਜੈਂਸੀ ਸੇਵਾਵਾਂ ਨਿਭਾਅ ਰਹੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਵੀ ਘੱਟੋ ਘੱਟ 750 ਰੁਪਏ ਦਿਹਾੜੀ ਵਜੋਂ ਦਿੱਤੇ ਜਾਣ, ਆਸ਼ਾ ਵਰਕਰਾਂ ਨੂੰ ਲੋੜ ਅਨੁਸਾਰ ਮਾਸਕ, ਦਸਤਾਨੇ ਤੇ ਹੋਰ ਸੇਫਟੀ ਸਮਾਨ ਮੁਹੱਈਆ ਕਰਵਾਉਣ ਅਤੇ ਹਾਟ ਸਪਾਟ ਜਿਲਿਆਂ ’ਚ ਕੰਮ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਪੀਪੀਈ. ਕਿੱਟਾਂ ਦੇਣ ਅਤੇ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ‘ਤੇ ਘੱਟੋ ਘੱਟ ਉਜਰਤਾਂ ਲਾਗੂ ਕਰਕੇ ਪੱਕਾ ਕਰਨ ਦੀ ਮੰਗ ਕੀਤੀ।