ਪਰਵਿੰਦਰ ਸਿੰਘ ਕੰਧਾਰੀ
- ਘਰਾਂ ਦਾ ਦੌਰਾ ਕਰਨ ਮੌਕੇ ਆਪਣੀ ਸੁਰੱਖਿਆ ਰੱਖਣ ਦੀ ਅਪੀਲ
ਫਰੀਦਕੋਟ, 6 ਮਈ 2020 - ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਅਤੇ ਡਾ.ਰਾਜਿੰਦਰ ਕੁਮਾਰ ਸਿਵਲ ਸਰਜਨ ਫਰੀਦਕੋਟ ਦੀ ਯੋਗ ਅਗਵਾਈ ਹੇਠ ਨੋਵਲ ਕੋਰੋਨਾ ਵਾਇਰਸ ਨਾਲ ਨੱਜਿਠਣ ਲਈ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਜਿਥੇ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ ਉਥੇ ਹੀ ਸਿਹਤ ਵਿਭਾਗ ਅਧੀਨ ਸੇਵਾਵਾਂ ਨਿਭਾ ਰਹੀਆਂ ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰ ਜੋ ਇਸ ਕੋਰੋਨਾ ਵਰਗੀ ਭਿਆਨਕ ਬਿਮਾਰੀ ਵਿਰੁੱਧ ਲੜੀ ਜਾ ਰਹੀ ਜੰੰਗ ਵਿਚ ਅਹਿਮ ਰੋਲ ਅਦਾ ਕਰ ਰਹੀਆਂ ਹਨ ਅਤੇ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੀ ਭਾਲ ਲਈ ਘਰ-ਘਰ ਜਾ ਕੇ ਸਰਵੇ ਕਰ ਰਹੀਆਂ ਹਨ ਤੇ ਕੋਰੋਨਾ ਤੋਂ ਬਚਾਅ ਲਈ ਜਾਗਰੂਕਤਾ ਵੀ ਪ੍ਰਦਾਨ ਕਰ ਰਹੀਆਂ ਹਨ।
ਪਰ ਜ਼ਿਲ੍ਹਾ ਮੋਗੇ ਦੀਆਂ ਕੁੱਝ ਆਸ਼ਾ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਆਸ਼ਾ ਵਰਕਰਾਂ ਅਤੇ ਉਹਨਾਂ ਦੇ ਪਰਿਵਾਰਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆਂ ਹੋਇਆ ਹੈ।ਇਸ ਮਹੌਲ ਨੂੰ ਦੇਖਦੇ ਹੋਏ ਉਚ ਅਧਿਕਾਰੀਆਂ ਦੇ ਆਦੇਸ਼ਾਂ ਮੁਤਾਬਕ ਸੀਨੀਅਰ ਮੈਡੀਕਲ ਅਫਸਰ ਪੀ.ਐਚ.ਸੀ ਜੰਡ ਸਾਹਿਬ ਡਾ.ਰਾਜੀਵ ਭੰਡਾਰੀ, ਮਾਸ ਮੀਡੀਆ ਅਫਸਰ ਡਾ.ਪ੍ਰਭਦੀਪ ਸਿੰਘ ਚਾਵਲਾ, ਮੈਡੀਕਲ ਅਫਸਰ ਡਾ.ਅਮਨਪ੍ਰੀਤ ਕੌਰ, ਡਾ.ਸ਼ਮਿੰਦਰ ਕੌਰ ਅਤੇ ਫਾਰਮੇਸੀ ਅਫਸਰ ਰਜਿੰਦਰ ਅਰੋੜਾ ਨੇ ਬਲਾਕ ਦੀਆਂ 160 ਆਸ਼ਾ ਲਈ ਦੂਸਰੀ ਵਾਰ ਸੇਫਟੀ ਕਿੱਟਾਂ ਤਕਸੀਮ ਕੀਤੀਆਂ ।ਇਸ ਕਿੱਟ ਵਿੱਚ ਗਲਬਜ਼, ਮਾਸਕ, ਹੈਂਡ ਸੈਨੇਟਾਈਜ਼ਰ ਅਤੇ ਸਾਬਣ ਸ਼ਾਮਿਲ ਕੀਤਾ ਗਿਆ ਹੈ।
ਐਸ.ਐਮ.ਓ ਡਾ.ਭੰਡਾਰੀ ਨੇ ਆਸ਼ਾ ਫੈਸਿਲੀਟੇਟਰਾਂ ਨੂੰ ਇਹ ਸਮਾਨ ਹਰ ਆਸ਼ਾ ਤੱਕ ਪਹੁੰਚਾਉਣ ਲਈ ਵਚਨਬੱਧ ਕੀਤਾ।ਉਨਾਂ ਹਰ ਆਸ਼ਾ ਵਰਕਰਾਂ ਨੂੰ ਘਰਾਂ ਦਾ ਦੌਰਾ ਕਰਨ ਅਤੇ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਤੋਂ ਪੁੱਛ-ਗਿੱਛ ਕਰਨ ਸਮੇਂ ਆਪਣੀ ਸੁਰੱਖਿਆ ਦਾ ਧਿਆਨ ਰੱਖਣ ਅਤੇ ਸਾਵਧਾਨੀਆਂ ਵਰਤਣ ਦੀ ਹਦਾਇਤ ਵੀ ਕੀਤੀ।