ਜਰੂਰੀ ਵਸਤਾਂ ਦੀ ਵਿਕਰੀ ਐਮ.ਆਰ.ਪੀ. ਭਾਅ ਜਾਂ ਉਸ ਤੋਂ ਘੱਟ ਤੇ ਕੀਤੀ ਜਾਣੀ ਯਕੀਨੀ ਬਣਾਈ ਜਾਵੇ: ਆਸ਼ੂ
ਜਰੂਰੀ ਵਸਤਾਂ ਦੀ ਵਿਕਰੀ ਵੱਧ ਭਾਅ ਤੇ ਹੋਣ ਸਬੰਧੀ ਖਪਤਕਾਰ ਆਪਣੀ ਸ਼ਿਕਾਇਤ ਹੈਲਪ ਲਾਈਨ ਨੰਬਰ 0172-2684000 'ਤੇ ਕਰਵਾ ਸਕਦੇ ਨੇ ਦਰਜ
ਚੰਡੀਗੜ੍ਹ, 01 ਅਪ੍ਰੈਲ 2020: ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੂਬੇ ਭਰ ਵਿਚ ਵਧ ਕੀਮਤ ਵਸੂਲ ਕੇ ਜਰੂਰੀ ਵਸਤਾਂ ਵੇਚਣ ਵਾਲੇ ਵਿਕਰੇਤਾਵਾਂ ਤੇ ਛਾਪਾ ਮਾਰਨ ਦੀ ਕਾਰਵਾਈ ਵਿਚ ਹੋਰ ਤੇਜੀ ਲਿਆਉਣ ਦੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ 19 ਕਾਰਨ ਬਣੇ ਹੋਏ ਹਾਲਾਤਾਂ ਵਿੱਚ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸੂਬੇ ਵਿੱਚ ਜਰੂਰੀ ਵਸਤਾਂ ਦੀ ਵਿਕਰੀ ਐਮ.ਆਰ.ਪੀ. ਭਾਅ ਜਾ ਉਸ ਤੋਂ ਘੱਟ ਤੇ ਹੋਵੇ।
ਸ੍ਰੀ ਆਸ਼ੂ ਨੇ ਵਿਭਾਗ ਦੇ ਜ਼ਿਲ੍ਹਿਆਂ ਵਿਚ ਤਾਇਨਾਤ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਸੂਬੇ ਵਿੱਚ ਜਰੂਰੀ ਵਸਤਾਂ ਦੀ ਵਿਕਰੀ ਗਏ ਐਮ.ਆਰ.ਪੀ. ਭਾਅ ਜਾ ਉਸ ਤੋਂ ਘੱਟ ਤੇ ਹੋਵੇ ਅਤੇ ਇਸ ਨੂੰ ਯਕੀਨੀ ਬਣਾਉਣ ਲਈ ਨਾਪਤੋਲ ਵਿੰਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਛਾਪਾ ਮਾਰੀ ਵਿਚ ਨਾਲ ਸ਼ਾਮਲ ਕਰਨ ।
ਉਨ੍ਹਾਂ ਦੱਸਿਆ ਕਿ ਬੀਤੇ ਦਿਨਾਂ ਦੌਰਾਨ ਪਠਾਨਕੋਟ ਜ਼ਿਲ੍ਹੇ ਵਿੱਚ 15 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 35000 ਦੇ ਜੁਰਮਾਨੇ ਕੀਤੇ ਗਏ ਹਨ । ਇਸੇ ਤਰ੍ਹਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਮੈਡੀਕਲ ਸਟੋਰ ਅਤੇ ਕਰਿਆਨੇ ਦੀਆ 10 ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ 85000 ਦੇ ਜੁਰਮਾਨੇ ਕੀਤੇ ਗਏ ਹਨ ਜਦਕਿ ਕਪੂਰਥਲਾ ਵਿੱਚ ਇਕ ਕਰਿਆਨੇ ਵਾਲੇ ਨੂੰ 2500 ਰੁਪਏ ਜੁਰਮਾਨਾ ਕੀਤਾ ਗਿਆ ਹੈ।
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਸਰਕਾਰ ਦੀਆਂ ਜਰੂਰੀ ਵਸਤਾਂ ਜਿਵੇਂ ਕਿ ਦਵਾਈਆਂ ਅਤੇ ਹੋਰ ਖਾਣ-ਪੀਣ ਦੀਆਂ ਚੀਜਾਂ ਦੇ ਭਾਅ ਐਮ.ਆਰ. ਪੀ. ਅਨੁਸਾਰ ਜਾਂ ਉਸ ਤੋਂ ਘੱਟ ਤੇ ਵੇਚਣ ਸਬੰਧੀ ਸਰਕਾਰ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਪਾਲਣਾ ਕਰਨ ਦੀ ਹਦਾਇਤ ਕਰਦਿਆਂ ਕਿਹਾ ਜੇ ਕਿਸੇ ਖਪਤਕਾਰ ਨੇ ਜਰੂਰੀ ਵਸਤਾਂ ਦੀ ਵਿਕਰੀ ਵੱਧ ਭਾਅ ਤੇ ਹੋਣ ਸਬੰਧੀ ਆਪਣੀ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਉਹ 0172-2684000 ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।