ਇਲੈਕਟ੍ਰੀਕਲ ਐਸੋਸੀਏਸ਼ਨ ਜਲੰਧਰ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ
- ਵਪਾਰੀ ਵਰਗ ਸਰਕਾਰ ਦੀ ਰੀੜ ਦੀ ਹੱਡੀ, ਵਪਾਰੀਆਂ ਦੇ ਸਹਿਯੋਗ ਤੋਂ ਬਿਨਾਂ ਸਿਸਟਮ ਨਹੀਂ ਚਲ ਸਕਦਾ: ਹਰਚੰਦ ਸਿੰਘ ਬਰਸਟ
- ਕੇਂਦਰ ਦੀ ਮੋਦੀ ਸਰਕਾਰ ਨੇ ਦੇਸ਼ ਵਾਸੀਆਂ ਨੂੰ ਕੀਤਾ ਗੁੰਮਰਾਹ, ਕਾਲਾ ਧਨ ਵਾਪਿਸ ਲਿਆਉਣ ਦੀ ਥਾਂ ਸਰਮਾਏਦਾਰਾਂ ਦਾ ਕੀਤਾ ਵਿਕਾਸ : ਹਰਚੰਦ ਸਿੰਘ ਬਰਸਟ
ਜਲੰਧਰ, 19 ਅਪਰੈਲ 2023 - ਇਲੈਕਟ੍ਰੀਕਲ ਐਸੋਸੀਏਸ਼ਨ਼ ਜਲੰਧਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਉਦਯੋਗਪਤੀਆਂ ਅਤੇ ਉੱਦਮੀਆਂ ਨੇ ਹਿੱਸਾ ਲਿਆ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ 'ਆਪ' ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ, ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਜਲੰਧਰ ਤੋਂ ਜ਼ਿਮਨੀ ਚੋਣ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ, ਇੰਦਰਬੰਸ ਸਿੰਘ ਚੱਢਾ, ਆਤਮ ਪ੍ਰਕਾਸ਼ ਬਬਲੂ, ਸੁਰੇਸ਼ ਗੁਪਤਾ, ਸੰਜੈ ਕੋਛੜ ਵੀ ਹਾਜ਼ਿਰ ਸਨ।
ਇਸ ਮੌਕੇ 'ਆਪ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਾਰੋਬਾਰੀ ਵਰਗ ਇੱਕ ਅਜਿਹਾ ਵਰਗ ਹੈ ਜੋ ਦਿਨ ਰਾਤ ਮਿਹਨਤ ਕਰਕੇ ਜਿੱਥੇ ਆਪਣੇ ਪਰਿਵਾਰ ਨੂੰ ਪਾਲਦਾ ਹੈ, ਉਥੇ ਉਹ ਸਰਕਾਰ ਨੂੰ ਵੀ ਟੈਕਸ ਦਿੰਦੇ ਹਨ, ਤਾਂਕਿ ਸਰਕਾਰ ਦਾ ਕੰਮ ਚੱਲ ਸਕੇ ਅਤੇ ਲੋਕ ਭਲਾਈ ਦੇ ਕੰਮ ਵੀ ਹੋਣ। ਉਨ੍ਹਾਂ ਕਿਹਾ ਕਿ ਉਦਯੋਗਿਕ ਵਰਗ ਦੇ ਸਹਿਯੋਗ ਤੋਂ ਬਿਨਾਂ ਸਿਸਟਮ ਨਹੀਂ ਚੱਲ ਸਕਦਾ। ਬਰਸਟ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਸਾਰੇ ਉੱਦਮੀਆਂ ਦੀ ਮੰਗ ਤੇ ਟੈੱਕਸ ਵਿਭਾਗ ਵੱਲੋਂ ਕੀਤੀ ਜਾਣ ਵਾਲੀ ਛਾਪੇਮਾਰੀ ਬੰਦ ਕਰਵਾਈ, ਜਿਸਤੋਂ ਬਾਅਦ ਦਿੱਲੀ ਵਿੱਚ ਕਾਰੋਬਾਰੀਆਂ ਤੋਂ ਟੈੱਕਸ ਵਸੂਲੀ ਵਿੱਚ ਵਾਧਾ ਦੁੱਗਣਾ ਹੋ ਗਿਆ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਆਪਣੇ ਉਦਯੋਗਪਤੀਆਂ 'ਤੇ ਭਰੋਸਾ ਕਰਦੀ ਹੈ ਅਤੇ ਜਿਸਨੂੰ ਇਹ ਇਲਮ ਹੈ ਕਿ ਆਰਥਿਕਤਾ ਦੀ ਰੀੜ ਦੀ ਹੱਡੀ ਕਾਰੋਬਾਰੀ ਹਨ, ਉਹ ਸਰਕਾਰ ਹਮੇਸ਼ਾ ਉਨ੍ਹਾਂ ਦੀ ਤਰੱਕੀ ਲਈ ਕੰਮ ਕਰਦੀ ਅਤੇ ਫ਼ੈਸਲੇ ਲੈਂਦੀ ਹੈ।
ਹਰਚੰਦ ਸਿੰਘ ਬਰਸਟ ਨੇ ਅੱਗੇ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਸਿਰਫ਼ ਗੁੰਮਰਾਹ ਕੀਤਾ ਹੈ। ਉਨ੍ਹਾਂ ਨੇ ਦੇਸ਼ ਵਿੱਚ ਆਪਣੇ ਪਸੰਦੀਦਾ ਕਾਰਪੋਰੇਟ ਘਰਾਣਿਆਂ ਨੂੰ ਪ੍ਰਫੁੱਲਤ ਕੀਤਾ। ਕਾਰਪੋਰੇਟ ਦਾ ਮਤਲਬ ਹੈ ਕਿ ਛੋਟੇ ਉੱਦਮੀਆਂ ਦਾ ਖਾਤਮਾ। ਹਰਚੰਦ ਸਿੰਘ ਬਰਸਟ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਸ਼ੁਰੂ ਵਿੱਚ ਕਿਹਾ ਸੀ ਕਿ ਉਹ ਵਿਦੇਸ਼ਾਂ 'ਚੋਂ ਕਾਲਾ ਧਨ ਵਾਪਿਸ ਲਿਆਉਣਗੇ ਅਤੇ ਦੇਸ਼ ਦੇ ਹਰ ਨਾਗਰਿਕ ਦੇ ਖਾਤੇ ਵਿੱਚ 15-15 ਲੱਖ ਰੁਪਏ ਪਾਉਣਗੇ। ਉਨ੍ਹਾਂ ਕਿਹਾ ਕਿ ਕਾਲਾ ਧਨ ਤਾਂ ਵਾਪਿਸ ਨਹੀਂ ਆਇਆ ਉਲਟਾ ਦੇਸ਼ ਦੇ ਸਰਮਾਏਦਾਰ ਇਥੋਂ ਦੇ ਲੋਕਾਂ ਦਾ ਵੀ ਲੱਖਾਂ ਕਰੋੜਾਂ ਰੁਪੱਈਆ ਲੈਕੇ ਵਿਦੇਸ਼ ਭੱਜ ਗਏ ਅਤੇ ਅੱਜ ਤੱਕ ਉਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ। ਲੋਕਾਂ ਦੇ ਟੈਕਸ ਦਾ ਪੈਸਾ ਦੇਸ਼ ਦੇ ਨਾਗਰਿਕਾਂ ਦੀ ਭਲਾਈ 'ਤੇ ਖਰਚ ਕਰਨ ਦੀ ਥਾਂ ਕੇਂਦਰ ਸਰਕਾਰ ਨੇ ਅਡਾਨੀਆਂ ਦੇ ਕਰਜ਼ੇ ਮੁਆਫ ਕੀਤੇ, ਜਿਹੜੇ ਪਹਿਲਾਂ ਹੀ ਗਲਤ ਢੰਗ ਨਾਲ ਦਿੱਤੇ ਗਏ ਸਨ।
ਹਰਚੰਦ ਸਿੰਘ ਬਰਸਟ ਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਅੱਜ ਦਿੱਲੀ ਸਮੇਤ ਪੰਜਾਬ ਵਿੱਚ 'ਆਪ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਦਾ ਪਾਰਟੀ ਦੀਆਂ ਨੀਤੀਆਂ ਵਿੱਚ ਵਿਸ਼ਵਾਸ ਵਧਿਆ ਹੈ ਅਤੇ ਦੇਸ਼ ਦੀ ਵਿਵਸਥਾ ਨੂੰ ਬਦਲਣ ਲਈ ਇੱਕ ਕ੍ਰਾਂਤੀ ਲੈਕੇ ਚੱਲ ਰਹੀ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਜਲੰਧਰ ਵਿੱਚ ਕੀਤੇ ਗਏ ਇਸ ਪ੍ਰੋਗਰਾਮ ਦੌਰਾਨ ਹਾਜ਼ਰ ਸਮੂਹ ਕਾਰੋਬਾਰੀਆਂ ਨੇ 'ਆਪ ਉਮੀਦਵਾਰ ਰਿੰਕੂ ਦੇ ਹੱਕ ਵਿੱਚ ਵੋਟਾਂ ਪਾਕੇ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦਾ ਵਾਅਦਾ ਕੀਤਾ।