33 ਸਾਲ ਤੋਂ ਕਰ ਚੁੱਕੇ ਨੇ ਵੱਖ ਵੱਖ ਅਹੁੱਦਿਆਂ ਤੇ ਸੇਵਾ
ਲੁਧਿਆਣਾ 18 ਜੂਨ 2020: ਪੰਜਾਬ ਰਾਜ ਬਿਜ਼ਲੀ ਨਿਗਮ ਦੇ ਸੰਚਾਲਣ ਕੇਂਦਰੀ ਜੋਨ, ਲੁਧਿਆਣਾ ਵਿਖੇ ਬਤੋਰ ਮੁੱਖ ਇੰਜੀਨੀਅਰ ਦਾ ਅਹੁੱਦਾ ਅੱਜ ਇੰਜੀਨੀਅਰ ਵਰਿੰਦਰ ਪਾਲ ਸਿੰਘ ਸੈਣੀ ਨੇ ਸੰਭਾਲ ਲਿਆ।ਸ਼੍ਰੀ ਸੈਣੀ ਆਪਣੀ 33 ਸਾਲ ਦੀ ਸਰਵਿਸ ਦੋਰਾਨ ਵੱਖ ਵੱਖ ਅਹੁੱਦਿਆਂ ਤੇ ਆਪਣੀ ਸੇਵਾ ਨਿਭਾ ਚੁੱਕੇ ਹਨ।
ਸ੍ਰ. ਅਮਰਜੀਤ ਸਿੰਘ ਸੈਣੀ ਦੇ ਘਰ 04 ਅਕਤੂਬਰ 1963 ਨੂੰ ਜਨਮ ਲੈਣ ਵਾਲੇ ਵਰਿੰਦਰ ਪਾਲ ਸਿੰਘ ਸੈਣੀ ਨੇ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਸਾਲ 1985 ਵਿੱਚ ਪੂਰੀ ਕਰਨ ਉਪਰੰਤ ਬਤੋਰ ਸਹਾਇਕ ਇੰਜੀਨੀਅਰ 29 ਅਪ੍ਰੈਲ 1987 ਨੂੰ ਪੰਜਾਬ ਰਾਜ ਬਿਜ਼ਲੀ ਬੋਰਡ ਵਿੱਚ ਆਪਣੀ ਪਹਿਲੀ ਜੁਆਇਨਿੰਗ ਕੀਤੀ।ਇਸ ਤੋਂ ਬਾਅਦ ਹੁਣ ਤੱਕ ਬਿਜ਼ਲੀ ਵਿਭਾਗ ਦੇ ਵੱਖ ਵੱਖ ਅਹੁੱਦਿਆਂ ਜਿਵੇਂ ਕਿ ਸੰਚਾਲਣ, ਇਨਫੋਰਸਮੈਂਟ, ਗਰਿੱਡ ਉਸਾਰੀ, ਤਕਨੀਕੀ ਆਡਿਟ ਤੇ ਆਪਣੀ 33 ਸਾਲ ਦੀ ਸੇਵਾ ਨਿਭਾਉਣ ਉਪਰੰਤ ਬਤੋਰ ਮੁੱਖ ਇੰਜੀਨੀਅਰ ਪੰਜਾਬ ਰਾਜ ਬਿਜ਼ਲੀ ਨਿਗਮ ਦੇ ਸੰਚਾਲਣ ਕੇਂਦਰੀ ਜੋਨ, ਲੁਧਿਆਣਾ ਵਿਖੇ ਜੁਆਇਨ ਕੀਤਾ ਹੈ। ਇਸ ਤੋਂ ਪਹਿਲਾ ਸ੍ਰ.ਸੈਣੀ ਜੀ ਪਟਿਆਲਾ ਵਿਖੇ ਬਤੋਰ ਉੱਪ ਮੁੱਖ ਇੰਜੀਨੀਅਰ, ਤਕਨੀਕੀ ਆਡਿਟ (ਇਲੈਕਟ੍ਰੀਕਲ) ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ।
ਮੁੱਖ ਇੰਜੀਨੀਅਰ ਵਰਿੰਦਰ ਪਾਲ ਸਿੰਘ ਸੈਣੀ ਨੇ ਆਪਣਾ ਅਹੁੱਦਾ ਸੰਭਾਲਣ ਉਪਰੰਤ ਪੰਜਾਬ ਅਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਮੋਜੂਦਾ ਸਮੇਂ ਦੋਰਾਨ ਚੱਲ ਰਹੇ ਕੋਰਾਨਾ ਵਾਇਰਸ ਦੇ ਪ੍ਰਕੋਪ ਨੂੰ ਜੜੋਂ ਖਤਮ ਕਰਨ ਲਈ ਸਰਕਾਰ ਤੇ ਜਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰੇ ਅਤੇ ਆਪਣੇ ਘਰਾਂ ਵਿੱਚ ਰਹਿ ਕੇ ਕਰੋਨਾ ਵਾਇਰਸ ਖਿਲਾਫ ਲੜਾਈ ਲੜਨ ਵਿੱਚ ਯੋਗਦਾਨ ਪਾਉਣ। ਇਸ ਤੋਂ ਇਲਾਵਾ ਮੁੱਖ ਇੰਜੀਨੀਅਰ ਸ੍ਰ.ਸੈਣੀ ਨੇ ਕਾਰਜਕਾਰ ਸੰਭਾਲਣ ਉਪਰੰਤ ਕਿਹਾ ਕਿ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਦੇਣੀ ਉਨ੍ਹਾਂ ਦੀ ਪਹਿਲ ਹੋਵੇਗੀ।ਇਸ ਤੋਂ ਇਲਾਵਾ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਬਕਾਇਆ ਪਏ ਬਿਜ਼ਲੀ ਦੇ ਕੁਨੈਕਸ਼ਨ ਜਲਦੀ ਰਲੀਜ਼ ਕੀਤੇ ਜਾਣ ਅਤੇ ਖਪਤਕਾਰਾਂ ਦੇ ਖਰਾਬ/ਸੜੇ ਹੋਏ ਮੀਟਰ 30 ਜੂਨ ਤੋਂ ਪਹਿਲਾ ਬਦਲ ਦਿੱਤੇ ਜਾਣ, ਤਾਂ ਜੋ ਬਿਜ਼ਲੀ ਨਿਗਮ ਦਾ ਵਿੱਤੀ ਨੁਕਸਾਨ ਬਚਾਇਆ ਜਾ ਸਕੇ।