- ਹਰ ਗ਼ਰੀਬ ਮਜ਼ਦੂਰ ਤੱਕ ਰਾਸ਼ਨ ਲੈਕੇ ਪੁੱਜਾਂਗਾ
ਫਿਰੋਜ਼ਪੁਰ, 29 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਲੱਗੇ ਕਰਫ਼ਿਊ ਨੇ ਜ਼ਿੰਦਗੀ ਦੀ ਰੇਲ ਦੇ ਚੱਕੇ ਜਾਮ ਹੋ ਗਏ ਹਨ। ਆਮ ਜਨ ਜੀਵਨ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਿਆ ਹੈ। ਅਜਿਹੀਆਂ ਔਖੀਆਂ ਘੜੀਆਂ ਦੇਸ਼ 'ਤੇ ਜਦੋਂ ਵੀ ਆਈਆਂ ਹਨ ਤਾਂ ਪੰਜਾਬੀ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਆਏ ਹਨ। ਹੁਣ ਵੀ ਕੋਰੋਨਾ ਵਾਇਰਸ ਕਾਰਨ ਦਿਹਾੜੀ ਦੱਪੇ ਤੋਂ ਲਾਚਾਰ ਹੋਏ ਗਰੀਬ ਮਜ਼ਦੂਰਾਂ ਦੀ ਬਾਂਹ ਫੜਨ ਲਈ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਮੋਰਚੇ ਸਾਂਭ ਲੈ ਹਨ।
ਫਿਰੋਜ਼ਪੁਰ ਦੇ ਉਘੇ ਉਦਯੋਗਪਤੀ ਅਤੇ ਸਮਾਜ ਸੇਵਕ ਵੀ ਪੀ ਸਿੰਘ ਹਾਂਡਾ ਨੇ ਅੱਜ ਤੀਜੇ ਦਿਨ ਗਰੀਬ ਅਤੇ ਮਜ਼ਦੂਰ ਲੋਕਾਂ ਵਿੱਚ ਰਾਸ਼ਨ ਵੰਡਿਆ। ਇਸ ਮੌਕੇ ਉਹਨਾਂ ਦੇ ਨਾਲ ਐੱਸ ਐੱਸ ਪੀ ਭੁਪਿੰਦਰ ਸਿੰਘ, ਐੱਸ ਪੀ ਡੀ ਅਜੇ ਰਾਜ ਸਿੰਘ ਵੀ ਮੌਜੂਦ ਸਨ। ਵੀ ਪੀ ਸਿੰਘ ਹਾਂਡਾ ਵਲੋਂ ਵੰਡੇ ਜਾ ਰਹੇ ਰਾਸ਼ਨ ਵਿਚ 5 ਕਿੱਲੋ ਆਟਾ, 2 ਕਿੱਲੋ ਚੌਲ, 1 ਕਿੱਲੋ ਦਾਲ ਅਤੇ ਅਚਾਰ ਆਦਿ ਦੀ ਪੈਕਿੰਗ ਵਾਲੇ ਬੈਗ ਤਕਸੀਮ ਕੀਤੇ ਜਾ ਰਹੇ ਹਨ। ਵਸਤੀ ਸ਼ੇਖਾਂ, ਟੀ ਬੀ ਹਸਪਤਾਲ ਦੇ ਨਾਲ ਲਗਦੀ ਵਸਤੀ, ਐਨ ਆਰ ਆਈ ਠਾਣੇ ਦੇ ਕੋਲ ਬਣੀਆਂ ਝੁੱਗੀਆਂ, ਪਿੰਡ ਹਾਜ਼ੀ ਵਾਲਾ, ਪਿੰਡ ਮੀਰਾ ਸ਼ਾਹ ਨੂਰ, ਪਿੰਡ ਗੋਬਿੰਦ ਨਗਰ, ਸੁਨਵਾਂ ਵਾਲੀ ਵਸਤੀ, ਕੋਠੀ ਰਾਏ ਸਾਹਬ ਅਤੇ ਵਾਰਡ ਨੰਬਰ 17 ਵਿਚ ਰਾਸ਼ਨ ਵੰਡਦਿਆਂ ਵੀ ਪੀ ਸਿੰਘ ਨੇ ਆਖਿਆ ਕਿ ਉਹ ਆਪਣੇ ਮਨ ਦੀ ਸੰਤੁਸ਼ਟੀ ਅਤੇ ਗਰੀਬਾਂ ਦੀ ਭਲਾਈ ਲਈ ਰਾਸ਼ਨ ਵੰਡ ਰਹੇ ਹਨ। ਉਹਨਾਂ ਕਿਹਾ ਕਿ ਓਹ ਹਾਲੇ ਹੋਰ ਵੀ ਰਾਸ਼ਨ ਵੰਡਣਗੇ ਅਤੇ ਹਰ ਉਸ ਘਰ ਤਕ ਪੁੱਜਣਗੇ ਜਿਥੇ ਰੋਟੀ ਪਾਣੀ ਆਦਿ ਦੀ ਕਮੀ ਆ ਰਹੀ ਹੈ। ਇਸ ਮੌਕੇ ਐੱਸ ਐੱਚ ਓ ਜਸਵੰਤ ਸਿੰਘ ਲਾਡੋ, ਰਾਜਪਾਲ ਸਿੰਘ, ਸਰਪੰਚ ਜਰਨੈਲ ਸਿੰਘ ਹਾਜ਼ੀ ਵਾਲਾ, ਮੈਂਬਰ ਪੰਚਾਇਤ ਪਰਮਜੀਤ ਸਿੰਘ, ਸਰਪੰਚ ਟਹਿਲ ਸਿੰਘ ਮੀਰਾ ਸ਼ਾਹ ਨੂਰ, ਸਰਪੰਚ ਸੁਰਜੀਤ ਸਿੰਘ ਗੋਬਿੰਦ ਨਗਰ, ਅਮਨ ਮੈਨੀ, ਵਿੱਕੀ ਸੰਧੂ, ਗੋਰਾ ਹਾਜ਼ੀ ਵਾਲਾ ਆਦਿ ਹਾਜ਼ਿਰ ਸਨ।