ਹਰੀਸ਼ ਕਾਲੜਾ
- ਕਿਹਾ, ਮਜ਼ਦੂਰਾਂ ਅਤੇ ਵਿਦਿਆਰਥੀਆਂ ਤੋਂ ਇਕ ਮਹੀਨੇ ਤੱਕ ਦਾ ਕਿਰਾਇਆ ਨਾ ਲੈਣ ਮਕਾਨ ਮਾਲਕ
ਰੂਪਨਗਰ, 29 ਮਾਰਚ 2020 - ਜ਼ਿਲਾ ਮੈਜਿਸਟ੍ਰੇਟ-ਕਮ-ਡੀ.ਸੀ. ਸ਼੍ਰੀਮਤੀ ਸੋਨਾਲੀ ਗਿਰਿ ਨੇ ਜ਼ਿਲੇ ਵਿੱਚ ਕਰਫ਼ਿਊ ਕਾਰਨ ਫੈਕਟਰੀਆਂ , ਦੁਕਾਨਾਂ ਅਤੇ ਕਮਰਸ਼ੀਅਲ ਇੰਸਟੈਬਲਿਸ਼ਮੈਂਟ ਕੰਮ ਕਰਨ ਵਾਲੇ ਕਾਮਿਆਂ ਦੇ ਵੇਤਨ ਵਿੱਚ ਕਟੌਤੀ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਨ੍ਹਾਂ ਕਾਮਿਆਂ ਅਤੇ ਵਰਕਰਾਂ ਨੇ ਛੁੱਟੀ ਲਈ ਹੈ , ਉਨ੍ਹਾਂ ਨੂੰ ਆਨ ਡਿਊਟੀ ਸਮਝਿਆ ਜਾਵੇ ਅਤੇ ਉਨ੍ਹਾਂ ਦੀ ਤਨਖਾਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨਾ ਕੀਤੀ ਜਾਵੇ।
ਇਸ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਅਤੇ ਵਿਦਿਆਰਥੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿੱਥੇ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਬਿਲਕੁੱਲ ਨਾ ਹੋਣ ਦਿੱਤੀ ਜਾਵੇ। ਉਨਾਂ ਸਬੰਧਤ ਮਾਲਕਾਂ ਨੂੰ ਕਿਹਾ ਕਿ ਆਪਣੇ ਮਜ਼ਦੂਰਾਂ/ਵਰਕਰਾਂ ਨੂੰ ਉਨਾਂ ਦੇ ਕਾਰਜ ਖੇਤਰ ਵਿੱਚ ਹੀ ਬਿਨਾਂ ਕਟੌਤੀ ਮਿਹਨਤ ਦਿੱਤੀ ਜਾਣੀ ਯਕੀਨੀ ਬਣਾਈ ਜਾਵੇ।
ਜ਼ਿਲਾ ਮੈਜਿਸਟ੍ਰੇਟ ਨੇ ਹਦਾਇਤ ਕਰਦਿਆਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਕਰਫ਼ਿਊ ਦੀ ਉਲੰਘਣਾ ਹੋਵੇਗੀ, ਇਸ ਲਈ ਨਿਯਮਾਂ ਦੀ ਪਾਲਣਾ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਜਿਥੇ ਵੀ ਪ੍ਰਵਾਸੀ ਮਜ਼ਦੂਰ ਕਿਰਾਏ 'ਤੇ ਰਹਿੰਦੇ ਹਨ, ਉਨਾਂ ਕੋਲੋਂ ਘਰ ਦੇ ਮਾਲਕ ਵਲੋਂ ਇਸ ਸਮੇਂ ਦੌਰਾਨ ਕਿਰਾਇਆ ਵੀ ਨਾ ਲਿਆ ਜਾਵੇ।
ਉਨਾਂ ਨਾਲ ਹੀ ਪੀ.ਜੀ. ਅਤੇ ਘਰਾਂ ਵਿੱਚ ਕਿਰਾਏ 'ਤੇ ਰੁਹਿ ਰਹੇ ਵਿਦਿਆਰਥੀ ਕੋਲੋਂ ਵੀ ਕਿਰਾਇਆ ਨਾ ਲੈਣ ਦੇ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਕੋਈ ਵੀ ਮਾਲਕ ਕਿਰਾਏ 'ਤੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ/ਵਰਕਰਾਂ ਤੋਂ ਇਕ ਮਹੀਨੇ ਤੱਕ ਦੇ ਕਿਰਾਏ ਦੀ ਮੰਗ ਨਹੀਂ ਕਰੇਗਾ। ਉਨਾਂ ਕਿਹਾ ਕਿ ਜੇਕਰ ਮਕਾਨ ਮਾਲਕਾਂ ਵਲੋਂ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਉਨਾਂ ਦੇ ਰਹਿਣ ਵਾਲੇ ਸਥਾਨ ਨੂੰ ਖਾਲੀ ਕਰਨ ਲਈ ਮਜ਼ਬੂਰ ਕੀਤਾ ਗਿਆ, ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।