ਕੋਵਿਡ ਸੰਕਟ ਦੇ ਚੱਲਦੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਭੇਜੀ ਰਕਮ
ਅਸ਼ੋਕ ਵਰਮਾ
ਬਠਿੰਡਾ, 20 ਅਪ੍ਰੈਲ 2020: ਪੰਜਾਬ ਰਾਜ ਉਸਾਰੀ ਕਿਰਤੀ ਭਲਾਈ ਬੋਰਡ ਵੱਲੋਂ ਕੋਵਿਡ 19 ਦੇ ਪੈਦਾ ਹੋਏ ਸੰਕਟ ਦੇ ਮੱਦੇਨਜਰ ਉਸਾਰੀ ਕਿਰਤੀਆਂ ਨੂੰ ਬਠਿੰਡਾ ਅਤੇ ਮਾਨਸਾ ਜ਼ਿਲਿਆਂ ਵਿਚ ਕੁੱਲ 10,28,46,000 ਰੁਪਏ ਦੀ ਨਗਦ ਵਿੱਤੀ ਮਦਦ ਮੁਹਈਆ ਕਰਵਾਈ ਹੈ। ਇਹ ਜਾਣਕਾਰੀ ਕਿਰਤ ਵਿਭਾਗ ਦੇ ਸਹਾਇਕ ਕਮਿਸ਼ਨਰ ਸ: ਗੁਰਬੰਤ ਸਿੰਘ ਬਰਾੜ ਨੇ ਦਿੱਤੀ ਹੈ।
ਸ: ਗੁਰਬੰਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਫੈਸਲਾ ਲਿਆ ਗਿਆ ਸੀ। ਉਨਾਂ ਨੇ ਕਿਹਾ ਕਿ ਇਸ ਤਹਿਤ ਇੰਨਾਂ ਲਾਭਪਤਾਰੀਆਂ ਦੇ ਖਾਤੇ ਵਿਚ ਦੋ ਵਾਰ 3 3 ਹਜਾਰ ਰੁਪਏ ਜਮਾਂ ਕਰਵਾਏ ਗਏ ਹਨ ਤਾਂ ਜੋ ਇਹ ਉਸਾਰੀ ਕਿਰਤੀਆਂ ਦੇ ਪਰਿਵਾਰ ਕਰੋਨਾ ਕਾਰਨ ਲਗਾਏ ਕਰਫਿਊ ਦੌਰਾਨ ਗੁਜਾਰਾ ਕਰ ਸਕਨ। ਉਨਾਂ ਨੇ ਦੱਸਿਆ ਕਿ ਬਠਿੰਡਾ ਅਤੇ ਮਾਨਸਾ ਜ਼ਿਲਿਆਂ ਵਿਚ 17141 ਲਾਭਪਾਤਰੀਆਂ ਨੂੰ ਹਰਕੇ ਨੂੰ ਕੁੱਲ 6000 ਰੁਪਏ ਦੀ ਦਰ ਨਾਲ ਇਹ ਰਕਮ ਦਿੱਤੀ ਗਈ ਹੈ। ਉਨਾਂ ਨੇ ਕਿਹਾ ਕਿ ਇਹ ਲਾਭ ਬੋਰਡ ਕੋਲ ਰਜਿਸਟਰਡ ਕਿਰਤੀਆਂ ਨੂੰ ਹੀ ਦਿੱਤਾ ਗਿਆ ਹੈ। ਉਨਾਂ ਨੇ ਕਿਹਾ ਕਿ ਕਰਫਿਊ ਲੱਗਿਆ ਹੋਣ ਕਾਰਨ ਇਹ ਕਿਰਤੀ ਕੰਮ ਤੇ ਨਹੀਂ ਜਾ ਸਕਦੇ ਇਸ ਲਈ ਇੰਨਾਂ ਦੀ ਮਦਦ ਲਈ ਸਰਕਾਰ ਨੇ ਇਹ ਫੈਸਲਾ ਕੀਤਾ ਸੀ। ਇੱਥੇ ਜਿਕਰਯੋਗ ਹੈ ਪੂਰੇ ਪੰਜਾਬ ਵਿਚ 2,82,576 ਉਸਾਰੀ ਕਿਰਤੀਆਂ ਨੂੰ ਇਸ ਸਕੀਮ ਤਹਿਤ ਲਾਭ ਦਿੱਤਾ ਗਿਆ ਹੈ।