ਫਿਰੋਜ਼ਪੁਰ, 27 ਮਾਰਚ 2020 : ਕੋਰੋਨਾ ਵਾਇਰਸ ਕਰਕੇ ਲਗਾਏ ਗਏ ਕਰਫ਼ਿਊ ਨਾਲ ਬਿਨਾ ਸ਼ੱਕ ਫੈਲਾਅ ਦੀ ਚੇਨ ਟੁੱਟੇਗੀ। ਪਰ ਅਜਿਹੇ ਵਿਚ ਦਿਹਾੜੀ ਕਰਨ ਵਾਲੇ ਜਾਂ ਮੰਗ ਕੇ ਖਾਣ ਵਾਲੇ ਲੋਕਾਂ ਤੇ ਭਾਰੀ ਮੁਸੀਬਤ ਪੈ ਗਈ ਹੈ। ਮਜ਼ਦੂਰ ਘਰਾਂ ਵਿੱਚ ਜ਼ਰੂਰ ਬੈਠ ਗਏ ਹਨ ਪਰ ਸਭ ਨੂੰ ਰੋਟੀ ਦੇ ਲਾਲੇ ਪੈ ਗਏ ਹਨ।
ਪਰ ਇਸ ਮੁਸੀਬਤ ਦੀ ਘੜੀ ਵਿਚ ਜਿਥੇ ਕੁਝ ਸੰਸਥਾਵਾਂ ਅੱਗੇ ਆਈਆਂ ਹਨ ਉਥੇ ਕੁਝ ਉਧਯੋਗਪਤੀ ਵੀ ਗਰੀਬਾਂ ਅਤੇ ਲੋੜਵੰਦਾਂ ਦੀ ਸਾਰ ਲੈਣ ਲਈ ਬਹੁੜੇ ਹਨ।
ਫਿਰੋਜ਼ਪੁਰ ਦੇ ਉਘੇ ਕਾਰੋਬਾਰੀ ਵਰਿੰਦਰਪਾਲ ਸਿੰਘ ਹਾਂਡਾ ਵਲੋੰ ਵੀ ਅੱਜ ਫਿਰੋਜ਼ਪੁਰ ਦੀ ਸ਼ੇਖਾਂ ਵਾਲੀ ਵਸਤੀ, ਪੁਰਾਣੇ ਟੀ ਬੀ ਹਸਪਾਲ ਦੇ ਨਾਲ ਲਗਦੀ ਵਸਤੀ ਅਤੇ ਐਨ ਆਰ ਆਈ ਥਾਣੇ ਲਾਗੇ ਝੁੱਗੀਆਂ ਵਿਚ ਰਹਿ ਰਹੇ ਗ਼ਰੀਬ ਅਤੇ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ ਗਿਆ। ਰਾਸ਼ਨ ਵਿਚ 5 ਕਿੱਲੋ ਆਟਾ, 1 ਕਿੱਲੋ ਚੌਲ ਅਤੇ 1 ਕਿੱਲੋ ਦਾਲ ਦੀ ਪੈਕਿੰਗ ਕਰਕੇ ਹਰੇਕ ਪਰਿਵਾਰ ਨੂੰ ਉਹਨਾਂ ਦੇ ਘਰਾਂ ਵਿਚ ਜਾ ਕੇ ਵੰਡਿਆ ਗਿਆ। ਵੀ ਪੀ ਸਿੰਘ ਹਾਂਡਾ ਦੇ ਨਾਲ ਰਾਸ਼ਨ ਤਕਸੀਮ ਕਰਨ ਵੇਲੇ ਐੱਸ.ਪੀ.ਡੀ. ਅਜੇ ਰਾਜ ਸਿੰਘ, ਰਾਜਪਾਲ ਸਿੰਘ, ਐੱਸ ਐੱਚ ਓ ਜਸਵੰਤ ਲਾਡੋ, ਕੁਲਵਿੰਦਰ ਸਿੰਘ ਸਿੱਧੂ, ਸਰਪੰਚ ਜਰਨੈਲ ਸਿੰਘ ਵਿਰਕ ਆਦਿ ਹਾਜ਼ਿਰ ਸਨ।
ਇਸ ਮੌਕੇ ਵੀ ਪੀ ਸਿੰਘ ਨੇ ਆਖਿਆ ਕਿ ਉਹ ਹੋਰ ਵੀ ਰਾਸ਼ਨ ਵੰਡਣਗੇ ਤਾਂ ਜੋ ਇਸ ਮੁਸੀਬਤ ਦੀ ਘੜੀ ਵਿਚ ਕੋਈ ਪਰਿਵਾਰ ਭੁੱਖਾ ਨਾ ਸੌਵੇਂ। ਹਾਂਡਾ ਨੇ ਕਿਹਾ ਕਿ ਦੇਸ਼ 'ਤੇ ਜਦੋਂ ਵੀ ਭੀੜ ਪਈ ਹੈ, ਪੰਜਾਬੀ ਹਮੇਸ਼ਾ ਅੱਗੇ ਆਏ ਹਨ ਅਤੇ ਅੱਜ ਸਾਡੇ ਖੁਦ ਦੇ ਘਰ ਵੱਡੀ ਸਮੱਸਿਆ ਵਿਚ ਘਿਰ ਗਏ ਹਨ। ਹਾਂਡਾ ਸਮਾਜ ਸੇਵੀ ਸੰਸਥਾਵਾਂ ਨੂੰ ਵੱਧ ਤੋਂ ਵੱਧ ਅੱਗੇ ਹੋ ਕੇ ਸਮਾਜ ਸੇਵਾ ਵਿਚ ਕੁੱਦਣ ਦੀ ਅਪੀਲ ਕੀਤੀ।