ਮਨਿੰਦਰਜੀਤ ਸਿੱਧੂ
- ਕਰਫਿਊ ਦੌਰਾਨ ਹਮੇਸ਼ਾ ਆਪਣੇ ‘ਹੈੱਡ ਕੁਆਰਟਰ’ ਉੱਪਰ ਹੀ ਡਟੇ ਰਹੇ ਡਾ.ਮਹਿਤਾਬ ਸਿੰਘ
ਜੈਤੋ, 9 ਮਈ 2020 - ਕੋਰੋਨਾ ਸੰਕਟ ਦੇ ਚਲਦਿਆਂ ਜਿੱਥੇ ਜੈਤੋ ਹਲਕੇ ਦੀਆਂ ਸਮਾਜਸੇਵੀ ਸੰਸਥਾਵਾਂ ਨੇ ਜੀਅ-ਤੋੜ ਮਿਹਨਤ ਕਰਕੇ ਲੋਕਾਂ ਲਈ ਰੋਟੀ-ਟੁੱਕ ਅਤੇ ਦਵਾਈ ਬੂਟੀ ਦਾ ਪ੍ਰਬੰਧ ਕਰਕੇ ਆਪਣਾ ਮਾਨਵਤਾ ਪ੍ਰਤੀ ਫਰਜ਼ ਨਿਭਾਇਆ ਉੱਥੇ ਲੋਕਾਂ ਦੀ ਇਸ ਔਕੜ ਦੀ ਘੜੀ ਵਿੱਚ ਪੂਰੀ ਸੰਵੇਦਨਸ਼ੀਲਤਾ ਨਾਲ ਮਦਦ ਕਰਨ ਵਾਲੇ ਪੁਲਿਸ ਅਫਸਰ ਜੈਤੋ ਸਬ-ਡਵੀਜ਼ਨ ਦੇ ਏ.ਐੱਸ.ਪੀ ਡਾ. ਮਹਿਤਾਬ ਸਿੰਘ ਦਾ ਜਿਕਰ ਵੀ ਬਹੁਤ ਜਰੂਰੀ ਹੈ।
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਸਿੱਧੇ ਤੌਰ ‘ਤੇ ਆਈ.ਪੀ.ਐੱਸ ਭਰਤੀ ਹੋਏ ਡਾ.ਮਹਿਤਾਬ ਸਿੰਘ ਨੇ ਕਰਫਿਊ ਦੌਰਾਨ ਸਥਿਤੀ ਨੂੰ ਬਹੁਤ ਹੀ ਸੰਜ਼ੀਦਗੀ ਨਾਲ ਨਜਿੱਠਿਆ ਹੈ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪੁਲਿਸ ਪ੍ਰਸ਼ਾਸਨ ਨੇ ਸਰਕਾਰ ਦੀਆਂ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਵੀ ਕਰਵਾਇਆ ਅਤੇ ਲੋਕਾਂ ਨੂੰ ਕੋਈ ਸਮੱਸਿਆ ਵੀ ਨਹੀਂ ਆਉਣ ਦਿੱਤੀ। ਜਿਕਰਯੋਗ ਹੈ ਕਿ ਇਸ ਔਕੜ ਦੀ ਘੜੀ ਵਿੱਚ ਡਾ.ਮਹਿਤਾਬ ਸਿੰਘ ਨੇ ਆਪਣਾ ਹੈੱਡ ਕੁਆਰਟਰ ਇੱਕ ਦਿਨ ਲਈ ਵੀ ਨਹੀਂ ਛੱਡਿਆ ਅਤੇ ਹਮੇਸ਼ਾ ਜੈਤੋ ਵਿਖੇ ਹੀ ਆਪਣੀ ਸਰਕਾਰੀ ਰਿਹਾਇਸ਼ ਵਿੱਚ ਰਹੇ ਹਨ।
ਉਹ ਸਵੇਰੇ ਲਗਭਗ ਛੇ ਵਜੇ ਤੋਂ ਲੈ ਕੇ ਰਾਤ ਦੇ ਗਿਆਰਾਂ ਬਾਰਾਂ ਵਜੇ ਤੱਕ ਆਪਣੀ ਡਿਊਟੀ ਨਿਭਾਉਂਦੇ ਹਨ। ਕਰਫਿਊ ਦੌਰਾਨ ਕਰਫਿਊ ਤੋੜਨ ਵਾਲੇ ਲੋਕਾਂ ਨਾਲ ਵੀ ਉਹ ਬੜੀ ਸੰਵੇਦਨਸ਼ੀਲਤਾ ਨਾਲ ਪੇਸ਼ ਆਏ ਅਤੇ ਬੜੇ ਪੇਸ਼ੇਵਰ ਤਰੀਕੇ ਨਾਲ ਲੋਕਾਂ ਨੂੰ ਕਰਫਿਊ ਦੀ ਪਾਲਨਾ ਕਰਨ ਦਾ ਪਾਠ ਪੜਾਇਆ। ਇਲਾਕੇ ਵਿੱਚ ਹੁੰਦੀ ਹਰ ਛੋਟੀ ਵੱਡੀ ਘਟਨਾ ਉੱਪਰ ਬਾਜ਼ ਅੱਖ ਰੱਖਣ ਵਾਲੇ ਡਾ. ਮਹਿਤਾਬ ਸਿੰਘ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਧਰਨੇ ਪ੍ਰਦਰਸ਼ਨ ਹੋਏ, ਉਹਨਾਂ ਨੂੰ ਇਹਨਾਂ ਦੁਆਰਾ ਬੜੀ ਸੂਝ-ਬੂਝ ਨਾਲ ਹੱਲ ਕੀਤਾ ਗਿਆ। ਉਹਨਾਂ ਦੀ ਲਿਆਕਤ ਤੋਂ ਜੈਤੋ ਇਲਾਕੇ ਦੇ ਸਾਰੇ ਲੋਕ ਕਾਇਲ ਹਨ। ਬੈਂਕਾਂ ਦੇ ਬਾਹਰ ਲੱਗੀਆਂ ਲੰਮੀਆਂ ਲੰਮੀਆਂ ਲਾਈਨਾਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਏ.ਐੱਸ.ਪੀ ਜੈਤੋ ਦੁਆਰਾ ਵਿਸ਼ੇਸ਼ ਤੌਰ 'ਤੇ ਪੁਲਿਸ ਮੁਲਾਜ਼ਮਾਂ ਦੀ ਤੈਨਾਤੀ ਕੀਤੀ ਜਾਂਦੀ ਰਹੀ ਹੈ।
ਉਹਨਾਂ ਦੇ ਇਸ ਕੰਮ ਨਾਲ ਬੈਂਕਾਂ ਦੇ ਪ੍ਰਬੰਧਨ ਅਤੇ ਸਟਾਫ ਨੂੰ ਕੰਮ-ਕਾਜ ਵਿੱਚ ਬੜੀ ਸਫਲਤਾ ਮਿਲੀ।ਇਹ ਵੀ ਧਿਆਨ ਦੇਣ ਯੋਗ ਗੱਲ ਹੈ ਕਿ ਨਾਕਿਆਂ ‘ਤੇ ਡਿਊਟੀਆਂ ਕਰ ਰਹੇ ਆਪਣੇ ਸਾਥੀ ਪੁਲਿਸ ਕਰਮੀਆਂ ਦਾ ਮਨੋਬਲ ਵਧਾਉਣ ਲਈ ਉਹ ਇਕੱਲੇ ਇਕੱਲੇ ਪੁਲਿਸ ਕਰਮੀ ਦਾ ਹਾਲਚਾਲ ਅਤੇ ਸਮੱਸਿਆ ਪੁੱਛਦੇ ਹਨ।ਜਾਣਕਾਰੀ ਮੁਤਾਬਿਕ ਕਰਫਿਊ ਦੌਰਾਨ ਜਰੂਰੀ ਸੇਵਾਵਾਂ ਦੇਣ ਵਾਲੇ ਮਹਿਕਮਿਆਂ ਜਿਵੇਂ ਬੈਂਕਾਂ,ਸਿਹਤ ਸੇਵਾਵਾਂ, ਸਫਾਈ ਕਰਮੀਆਂ ਆਦਿ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਪੁਲਿਸ ਤੱਕ ਲੋੜ ਪੈਂਦੀ ਸੀ ਤਾਂ ਡਾ.ਮਹਿਤਾਬ ਸਿੰਘ ਬਿਜਲੀ ਦੀ ਫੁਰਤੀ ਨਾਲ ਆਪਣੇ ਅਮਲੇ ਫੈਲੇ ਨਾਲ ਉੱਥੇ ਅੱਪੜ ਜਾਂਦੇ ਸਨ। ਸਮਾਜਸੇਵੀ ਸੰਸਥਾਵਾਂ ਦੁਆਰਾ ਰਾਹਤ ਸਮੱਗਰੀ ਵਿਤਰਨ ਵਿੱਚ ਵੀ ਇਹਨਾਂ ਭਰਪੂਰ ਯੋਗਦਾਨ ਦਿੱਤਾ।