ਫਿਰੋਜ਼ਪੁਰ, 1 ਮਈ 2020 : ਸਿਵਲ ਸਰਜਨ ਫਿਰੋਜ਼ਪੁਰ ਵਿਖੇ ਕੰਮ ਕਰਦੇ ਸਮੂਹ ਆਊਟਸੋਰਸ ਮੁਲਾਜ਼ਮ ਅਧੀਨ ਐੱਨ.ਐੱਚ.ਐੱਮ ਵੱਲੋਂ ਆਪਸੀ ਵਿਚਾਰ ਵਟਾਂਦਰਾ ਹੋਇਆ। ਇਹ ਸਾਰੇ ਮੁਲਾਜ਼ਮ ਵੀ ਐੱਨ.ਐੱਚ.ਐੱਮ ਦੇ ਕੱਚੇ ਮੁਲਾਜ਼ਮਾਂ ਵਾਂਗ ਕਈ ਸਾਲਾਂ ਤੋਂ ਸਿਹਤ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ। ਇਸ ਸਬੰਧੀ ਐੱਨ.ਐੱਚ.ਐੱਮ ਯੂਨੀਅਨ ਵੱਲੋਂ ਵੀ ਆਪਣੀਆਂ ਮੰਗਾਂ ਵਿੱਚ ਆਊਟਸੋਰਸ ਮੁਲਾਜ਼ਮਾਂ ਦਾ ਜ਼ਿਕਰ ਕੀਤਾ ਗਿਆ ਸੀ। ਸਮੂਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਐੱਨ.ਐੱਚ.ਐੱਮ ਅਤੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਕੋਵਿਡ-19 (ਕੋਰੋਨਾ ਵਾਇਰਸ) ਦੀ ਰੋਕਥਾਮ ਵਿੱਚ ਵੱਧ ਚੜ੍ਹ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਹੈ। ਸਮੂਹ ਮੁਲਾਜ਼ਮ ਇਸ ਭਿਆਨਕ ਮਹਾਂਮਾਰੀ ਦੇ ਦੌਰਾਨ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਆਪਣੀ ਸੇਵਾਵਾਂ ਨਿਭਾ ਰਹੇ ਹਨ।
ਬਿਨਾਂ ਕਿਸੇ ਤਨਖਾਹ ਵਾਧੇ ਵੀ ਰੋਜ਼ਾਨਾ ਆਪਣੀਆਂ ਸੇਵਾਵਾਂ ਤੇ ਆ ਰਹੇ ਹਨ। ਪਰੰਤੂ ਪੰਜਾਬ ਸਰਕਾਰ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਨ੍ਹਾਂ ਆਊਟਸੋਰਸ ਮੁਲਾਜ਼ਮਾਂ ਨਾਲ ਸੌਤੇਲੀ ਮਾਂ ਵਾਲਾ ਵਿਵਹਾਰ ਕੀਤਾ ਗਿਆ ਹੈ। ਇਨ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਪੱਕਾ ਕਰਨ ਜਾ ਐੱਨ.ਐੱਚ.ਐੱਮ ਅਧੀਨ ਕਰਨ ਜਾਂ ਇਨ੍ਹਾਂ ਦੀ ਤਨਖਾਹ ਵਿੱਚ ਵਾਧਾ ਕਰਨ ਦਾ ਕੋਈ ਵੀ ਕਦਮ ਨਹੀਂ ਉਠਾਇਆ ਗਿਆ।
ਸਮੂਹ ਮੁਲਾਜ਼ਮਾਂ ਵੱਲੋਂ ਸਿਵਲ ਸਰਜਨ ਫਿਰੋਜ਼ਪੁਰ ਜੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਮੰਗ ਕਰਦੇ ਹੋਏ ਲਿਖਿਆ ਗਿਆ ਕਿ ਸਾਨੂੰ ਐੱਨ.ਐੱਚ.ਐੱਮ ਵਿੱਚ ਮਰਜ਼ ਕੀਤਾ ਜਾਵੇ ਤਾਂ ਜੋ ਆਊਟਸੋਰਸ ਕੰਪਨੀ ਵਿੱਚ ਹਰ ਮਹੀਨੇ 7 ਤੋਂ 8 ਹਜ਼ਾਰ ਫਾਲਤੂ ਦਾ ਜਾ ਰਿਹਾ ਪੈਸਾ ਉਨ੍ਹਾਂ ਕਰਮਚਾਰੀਆਂ ਨੂੰ ਹੀ ਮਿਲ ਜਾਏ ਅਤੇ ਐੱਨ.ਐੱਚ.ਐੱਮ ਮੁਲਾਜ਼ਮਾਂ ਵਾਂਗ ਆਊਟਸੋਰਸ ਮੁਲਾਜ਼ਮਾਂ ਦੀ ਤਨਖਾਹ ਵਿੱਚ ਵੀ 18% ਇੰਕਰੀਮੈਂਟ ਦਿੱਤਾ ਜਾਏ ਅਤੇ 6% ਇੰਕਰੀਮੈਂਟ ਸਾਲਾਨਾ ਦਿੱਤਾ ਜਾਏ। ਇਸ ਮੌਕੇ ਤੇ ਜੋਤੀ ਬਾਲਾ, ਵਿਕਾਸ ਕੁਮਾਰ, ਸਿਮਰਨਜੀਤ ਸਿੰਘ, ਪਵਨ ਕੁਮਾਰ, ਦਲੀਪ ਸਿੰਘ, ਸੁਖਜਿੰਦਰ ਸਿੰਘ, ਅੰਕੁਸ਼, ਰਮਨਦੀਪ ਸਿੰਘ ਸਮੂਹ ਆਊਟਸੋਰਸ ਮੁਲਾਜ਼ਮਾਂ ਦੁਆਰਾ ਰੋਸ਼ ਪ੍ਰਗਟ ਕਰਦੇ ਹੋਏ ਕਿਹਾ ਗਿਆ ਜੇਕਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।