ਅਸ਼ੋਕ ਵਰਮਾ
- ਕੌਮੀ ਸੇਵਾ ਯੋਜਨਾ ਦੇ ਅਸਲ ਮਿਸ਼ਨ ਦੀ ਪ੍ਰਾਪਤੀ ਤੋਂ ਬਾਗੋਬਾਗ ਪ੍ਰੋਗਰਾਮ ਅਫ਼ਸਰ
ਮਾਨਸਾ, 19 ਅਪ੍ਰੈਲ 2020 - ਕੋਰੋਨਾ ਵਾਇਰਸ ਦੀ ਔਖੀ ਘੜੀ ਦੌਰਾਨ ਐਨ ਐਸ ਐਸ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹੇ ਭਰ ਦੇ ਦਰਜ਼ਨਾਂ ਪਿੰਡਾਂ ਵਿੱਚ ਆਪਣੇ ਹੱਥੀਂ ਬਣਾਏ ਹੋਏ ਮਾਸਕ ਲੋਕਾਂ ਨੂੰ ਵੰਡਕੇ ਕੌਮੀ ਸੇਵਾ ਯੋਜਨਾ ਦੇ ਅਸਲ ਮਿਸ਼ਨ ਨੂੰ ਨਿਭਾਇਆ ਹੈ। ਜਿਲੇ ਦੇ ਪ੍ਰੋਗਰਾਮ ਅਫਸਰ ਇਸ ਗੱਲੋਂ ਤਸੱਲੀ ਜ਼ਾਹਿਰ ਕਰ ਰਹੇ ਹਨ ਕਿ ਨਿੱਤ ਦਿਨ ਕੈਂਪਾਂ ਵਿੱਚ ਉਨਾਂ ਵੱਲੋਂ ਇਸ ਯੋਜਨਾ ਦੇ ਦਿੱਤੇ ਜਾਂਦੇ ਅਸਲ ਸੰਦੇਸ਼ ਨੂੰ ਅਪਣੇ ਘਰਾਂ ਦੀਆਂ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਨਿਭਾਅ ਕੇ ਹੋਣਹਾਰ ਧੀਆਂ ਨੇ ਮਾਨਵਤਾ ਦੀ ਭਲਾਈ ਚ ਵੱਡਾ ਯੋਗਦਾਨ ਪਾਇਆ ਹੈ।ਜ਼ਿਲੇ ਦੇ ਲਗਭਗ ਇਕ ਦਰਜ਼ਨ ਦੇ ਕਰੀਬ ਸਰਕਾਰੀ ਸਕੂਲਾਂ ਨਾਲ ਸਬੰਧਤ ਇਹ ਐਨ ਐਨ ਐਸ ਵਿਦਿਆਰਥਣਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਸ ਭਲਾਈ ਦੇ ਕਾਰਜ਼ ਵਿੱਚ ਲੱਗੀਆਂ ਰਹਿੰਦੀਆਂ ਹਨ ।
ਇਨਾਂ ਵਲੰਟੀਅਰਾਂ ਚ ਜ਼ਿਲੇ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਫੱਤਾ ਮਾਲੋਕਾ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ, ਭੀਖੀ, ਬੀਰ ਹੋਡਲਾ ਕਲਾਂ, ਮੂਸਾ,ਆਲਮਪੁਰ ਮੰਦਰਾਂ, ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ, ਬਰੇਟਾ, ਕੁਲਰੀਆਂ ਦੀਆਂ ਐਨ ਐਸ ਐਸ ਵਿਦਿਆਰਥਣਾਂ ਸ਼ਾਮਲ ਹਨ, ਜੋ ਮਾਸਕ ਬਣਾਉਣ ਚ ਲੱਗੀਆਂ ਹੋਈਆਂ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਨੂੰ ਪਹਿਨਕੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋ ਦਿੱਤੇ ਸੱਦੇ ਤੇ ਵੀ ਅਮਲ ਕਰਵਾ ਸਕਣ ਅਤੇ ਲੋਕਾਂ ਨੂੰ ਕਰੋਨਾ ਤੋਂ ਜਲਦੀ ਛੁਟਕਾਰਾ ਵੀ ਦੁਆ ਸਕਣ ,ਮਾਨਸਾ ਜ਼ਿਲੇ ਨਾਲ ਸਬੰਧਤ ਇਹ ਸਮਾਰਟ ਸਕੂਲ ਸਿਰਫ ਨਾਮ ਪੱਖੋਂ ਹੀ ਸੋਹਣੇ ਨਹੀਂ, ਸਗੋ ਇਨਾਂ ਦੇ ਕੰਮ ਵੀ ਸੋਹਣੇ ਹਨ, ਇਨਾਂ ਸਕੂਲਾਂ ਨੇ ਜਿੱਥੇ ਪੜਾਈ ਦੇ ਮਿਆਰ ਪੱਖੋਂ ਸਿੱਖਿਆ ਵਿਭਾਗ ਦੇ ਬਹੀ ਖਾਤੇ ਚ ਸੁਨਹਿਰੀ ਪੈੜਾਂ ਪਾਈਆਂ ਹਨ। ਉਥੇਂ ਖੇਡਾਂ, ਸਭਿਆਚਾਰ, ਐਨ ਐਨ ਐਸ ਅਤੇ ਹੋਰ ਭਲਾਈ ਕਾਰਜਾਂ ਚ ਵੀ ਚੰਗੇ ਕਾਰਜ ਕੀਤੇ ਹਨ।
ਇਨਾਂ ਸਕੂਲਾਂ ਦੇ ਐਨ ਐਸ ਐਸ ਦੇ ਪ੍ਰੋਗਰਾਮ ਅਫਸਰ ਲੈਕਚਰਾਰ ਦਰਸ਼ਨ ਸਿੰਘ ਕੁਲਰੀਆਂ, ਕਰਨੈਲ ਵੈਰਾਗੀ ਬੀਰ ਹੋਡਲਾਂ, ਸੁਰਿੰਦਰ ਕੌਰ, ਕਰਮਜੀਤ ਕੌਰ ਮਾਨਸਾ, ਯਾਦਵਿੰਦਰ ਸਿੰਘ ਬਰੇਟਾ, ਬਲਵਿੰਦਰ ਸਿੰਘ ਬੋਹਾ, ਲਾਲ ਸਿੰਘ ਆਲਮਪੁਰ ਮੰਦਰਾਂ, ਹਰਪ੍ਰੀਤ ਸਿੰਘ ਮੂਸਾ ਅਤੇ ਅਨੂ ਰਾਣੀ ਦਾ ਕਹਿਣਾ ਹੈ ਕਿ ਕਰੋਨਾ ਦੇ ਭਿਆਨਕ ਦੌਰ ਦੌਰਾਨ ਜਿਥੇਂ ਸਭ ਧਿਰਾਂ ਇਨਸਾਨੀਅਤ ਦੀ ਭਲਾਈ ਚ ਲੱਗੇ ਹੋਏ ਹਨ ਉਥੇਂ ਉਨਾਂ ਦੇ ਵਿਦਿਆਰਥੀ ਵੀ ਅਪਣਾ ਅਹਿਮ ਰੋਲ ਨਿਭਾ ਰਹੇ ਹਨ। ਉਨਾਂ ਆਖਿਆ ਕਿ ਖ ਸਰਕਾਰੀ ਸਕੂਲਾਂ ਵਿਚ ਪੜਦੀਆਂ ਇਨਾਂ ਧੀਆਂ ਦੇ ਮਾਪਿਆਂ ਨੇ ਵੀ ਮਾਣ ਮਹਿਸੂਸ ਕੀਤਾ ਕਿ ਉਹ ਚੰਗੇ ਕੰਮ ਦੇ ਰਾਹ ਪਈਆਂ ਹਨ। ਕੌਮੀ ਸੇਵਾ ਯੋਜਨਾ ਨਾਲ ਜੁੜੀਆਂ ਹੋਈਆਂ ਇਹ ਵਿਦਿਆਰਥਣਾਂ ਹੁਣ ਸਾਰਾ ਦਿਨ ਮਾਸਕ ਬਣਾਉਂਦੀਆਂ ਹਨ ਜਦੋਂਕਿ ਇਸ ਤੋਂ ਪਹਿਲਾਂ ਉਨਾਂ ਨੇ ਆਪਣੇ ਪਿੰਡਾਂ ਨੂੰ ਜਾਗਰੂਕ ਕਰਨ ਚ ਵੀ ਵੱਡੀ ਭੂਮਿਕਾ ਨਿਭਾਈ ਹੈ,
ਇੰਨਾਂ ਸਕੂਲਾਂ ਦੇ ਪਿ੍ਰੰਸੀਪਲ ਹਰਿੰਦਰ ਭੁੱਲਰ, ਮੈਡਮ ਪਦਮਨੀ, ਪ੍ਰੀਤ ਇੰਦਰ ਘਈ, ਡਾ ਬੂਟਾ ਸਿੰਘ ਸੇਖੋਂ, ਲੈਕਚਰਾਰ ਗੁਰਪਾਲ ਸਿੰਘ ਚਹਿਲ ਨੇ ਕਿਹਾ ਕਿ ਇਸ ਔਖੀ ਘੜੀ ਵੇਲੇ ਜਿੱਥੇ ਸਿੱਖਿਆ ਵਿਭਾਗ ਦਾ ਹਰ ਕਾਰਜ ਚ ਵੱਡਾ ਰੋਲ ਰਿਹਾ, ਉੱਥੇ ਜ਼ਿਲਾ ਪ੍ਰਸ਼ਾਸਨ ਅਤੇ ਯੁਵਕ ਸੇਵਾਵਾਂ ਵਿਭਾਗ, ਨਹਿਰੂ ਯੁਵਾ ਕੇਂਦਰ ਵੀ ਸੁਚੱਜੀ ਅਗਵਾਈ ਰਹੇ ਹਨ।
ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਾਨਸਾ ਸੁਰਜੀਤ ਸਿੰਘ ਵੀ ਐਨ ਐਸ ਐਸ ਵਲੰਟੀਅਰਾਂ ਦੇ ਕਾਰਜਾਂ ਤੋਂ ਖੁਸ਼ ਹਨ, ਜਿੰਨਾਂ ਦਾ ਕਹਿਣਾ ਹੈ ਕਿ ਤਸੱਲੀ ਵਾਲੀ ਗੱਲ ਹੈ ਕਿ ਔਖੀ ਘੜੀ ਚ ਮਾਨਵਤਾ ਲਈ ਚੰਗੇ ਕਾਰਜ ਹੋ ਰਹੇ ਹਨ। ਉਨਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਕਰੋਨਾ ਦੇ ਸੰਕਟ ਦੌਰਾਨ ਅੱਗੇ ਆ ਰਹੇ ਲੋਕਾਂ ਨੂੰ ਹੌਸਲਾ ਮਿਲੇਗਾ, ਸਗੋਂ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਕੌਮੀ ਸੇਵਾ ਯੋਜਨਾ ਦੇ ਅਸਲ ਮਾਅਨਿਆਂ ਦਾ ਅਹਿਸਾਸ ਵੀ ਹੋਵੇਗਾ। ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਜਗਰੂਪ ਭਾਰਤੀ, ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ, ਮੀਡੀਆ ਕੋਆਰਡੀਨੇਟਰ ਹਰਦੀਪ ਸਿੱਧੂ, ਰਾਜੇਸ਼ ਬੁਢਲਾਡਾ, ਜ਼ਿਲਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ , ਬਲਜਿੰਦਰ ਜੋੜਕੀਆਂ, ਗੁਰਨੈਬ ਮਘਾਣੀਆਂ, ਅਮਰਜੀਤ ਰੱਲੀ ਨੇ ਐਨ ਐਸ ਐਸ ਵਲੰਟੀਅਰਾਂ ਦੇ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ।
ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਅਤੇ ਨਹਿਰੂ ਯੁਵਾ ਕੇਂਦਰ ਦੇ ਸੀਨੀਅਰ ਲੇਖਾਕਾਰ ਸੰਦੀਪ ਘੰਡ ਨੇ ਕਿਹਾ ਸਭਨਾਂ ਵਰਗਾਂ ਦੇ ਮਿਸ਼ਨ ਨਾਲ ਕਰੋਨਾ ਨੂੰ ਪਹਿਲਾਂ ਨਾਲੋਂ ਵੱਡੀ ਠੱਲ ਪਈ ਹੈ ਅਤੇ ਜੇਕਰ ਅਸੀਂ ਇਸੇ ਭਾਵਨਾ ਨਾਲ ਲੱਗੇ ਰਹੇ ਤਾਂ ਇਸ ਦਾ ਜਲਦੀ ਖਾਤਮਾ ਹੋਵੇਗਾ ਅਤੇ ਜ਼ਿੰਦਗੀ ਮੁੜ ਫਿਰ ਖੁਸ਼ਹਾਲੀ ਦੇ ਰਾਹ ਪਵੇਗੀ।