ਅਸ਼ੋਕ ਵਰਮਾ
- ਕਿਸਾਨਾਂ ਤੇ ਲੇਬਰ ਨੂੰ ਕਰਵਾਇਆ ਕਰੋਨਾ ਵਾਇਰਸ ਤੋਂ ਜਾਣੂ
ਬਠਿੰਡਾ, 24 ਅਪ੍ਰੈਲ : ਵਿਸ਼ਵ ਭਰ ਵਿਚ ਫ਼ੈਲ ਚੁੱਕੇ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਜਿੱਥੇ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਵਲੋਂ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਤੇ ਵੱਖ-ਵੱਖ ਵਿਭਾਗਾਂ ਵਲੋਂ ਵੀ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕਣ ਦੇ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਇਸੇ ਤਰਾਂ ਕਮਾਂਡੈਂਟ ਰਵੀ ਕੁਮਾਰ ਪਨਦਿੱਤਾ 7 ਐਨ.ਡੀ.ਆਰ.ਐਫ਼ ਬਠਿੰਡਾ ਦੇ ਦਿਸ਼ਾ ਨਿਰਦੇਸ਼ਾ ਹੇਠ ਮੰਡੀ ਗੋਬਿੰਦਪੁਰਾ ਵਿਚ ਕਿਸਾਨਾਂ ਤੇ ਲੇਬਰ ਨੂੰ ਹੱਥੀ ਬਣਾਏ ਮੁਫ਼ਤ ਮਾਸਕ ਵੰਡੇ ਗਏ।
ਇਸ ਮੌਕੇ ਐਨ.ਡੀ.ਆਰ.ਐਫ਼ ਦੇ ਨੁਮਾਇੰਦੇ ਸ਼੍ਰੀ ਬਲਜਿੰਦਰ ਸਿੰਘ ਸੰਧੂ ਨੇ ਮੰਡੀ ਵਿਚ ਕਿਸਾਨਾਂ ਤੇ ਕੰਮ ਕਰ ਰਹੀ ਲੇਬਰ ਨੂੰ ਕਰੋਨਾ ਵਾਇਰਸ ਦੇ ਦੁਸ਼ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ। ਇਸ ਮੌਕੇ ਉਨਾਂ ਕਿਸਾਨਾਂ ਤੇ ਲੇਬਰ ਨੂੰ ਕਿਹਾ ਕਿ ਆਪਸੀ ਦੂਰੀ ਬਣਾ ਕੇ ਰੱਖੀ ਜਾਵੇ। ਮੂੰਹ 'ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਹੱਥਾਂ ਨੂੰ ਵਾਰ ਵਾਰ ਸੈਨੀਟਾਈਜ਼ਰ ਨਾਲ ਜਾਂ ਪਾਣੀ ਨਾਲ ਚੰਗੀ ਤਰਾਂ ਧੋਣਾ ਚਾਹੀਦਾ ਹੈ ਤਾਂ ਜੋ ਅਸੀਂ ਇਸ ਵਾਇਰਸ ਨੂੰ ਫ਼ੈਲਣ ਤੋਂ ਰੋਕ ਸਕੀਏ। ਇਸ ਤੋਂ ਇਲਾਵਾ ਐਨ.ਡੀ.ਆਰ.ਐਫ਼. ਵਲੋਂ ਪੂਰੀ ਮੰਡੀ ਨੂੰ ਸੈਨੀਟਾਈਜ਼ ਵੀ ਕਰਵਾਇਆ ਗਿਆ।