ਹਰੀਸ਼ ਕਾਲੜਾ
ਰੂਪਨਗਰ, 27 ਅਪ੍ਰੈਲ 2020: ਐਨ.ਆਰ.ਐਚ.ਐਮ. ਇੰਪਲਾਇਜ ਯੂਨੀਅਨ, ਪੰਜਾਬ ਦੇ ਸੱਦੇ ਤੇ ਸਮੂਹ ਜਿਲ੍ਹੇ ਦੇ ਐਨ.ਐਚ.ਐਮ. ਮੁਲਾਜਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਸੂਬਾ ਪ੍ਰੈਸ ਸਕੱਤਰ ਸੁਖਜੀਤ ਕੰਬੋਜ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਦੇ ਕਰਮਚਾਰੀ ਕੋਵਿਡ ਖਿਲਾਫ ਜੰਗ ਵਿੱਚ ਆਪਣੀ ਮੋਤ ਦੀ ਪ੍ਰਵਾਹ ਕੀਤੇ ਬਿਨਾਂ ਫਰੰਟ ਲਾਇਨ ਤੇ ਪੂਰਬੀ ਮਿਹਨਤ ਅਤੇ ਤਨਦੇਹੀ ਨਾਲ ਡਿਊਟੀਆਂ ਕਰ ਰਹੇ ਹਨ, ਪ੍ਰੰਤੂ ਸਰਕਾਰ ਵੱਲੋਂ ਉਹਨਾਂ ਨੂੰ ਨਿਗੂਣੀਆਂ ਤਨਖਾਹਾਂ ਹੀ ਦਿੱਤੀਆਂ ਜਾ ਰਹੀਆਂ ਹਨ। ਸੂਬਾ ਸਰਕਾਰ ਵੱਲੋਂ ਸਮੇਂ-ਸਮੇਂ ਤੇ ਉਹਨਾਂ ਨੂੰ ਪੱਕਾ ਕਰਨ ਦੇ ਸਿਰਫ ਲਾਰੇ ਹੀ ਝੋਲੀ ਪਾਏ ਗਏ ਹਨ। ਉਹਨਾਂ ਦੱਸਿਆ ਕਿ ਕਿਸੇ ਵੀ ਮੁਲਾਜਮ ਦੀ ਨੋਕਰੀ ਦੀ ਸੁਰੱਖਿਆ, ਕਿਸੇ ਵੀ ਤਰ੍ਹਾਂ ਦਾ ਬੀਮਾ ਅਤੇ ਕੋਵਿਡ ਦੋਰਾਨ ਕਿਸੇ ਵੀ ਤਰਾ੍ਹਂ ਦੀ ਕੋਈ ਆਰਥਿਕ ਮਦਦ ਦਾ ਐਲਾਨ ਅਜੇ ਤੱਕ ਨਹੀਂ ਕੀਤਾ ਗਿਆ ਹੈ। ਪਿਛਲੇ ਦਿਨੀਂ ਸਰਕਾਰ ਵੱਲੋਂ ਸਿਰਫ 5 ਕੈਟਾਗਿਰੀਆਂ ਜਿਸ ਅਧੀਨ ਸੂਬੇ ਭਰ ਵਿੱਚ 200 ਮੁਲਾਜਮ ਹੀ ਕਵਰ ਹੁੰਦੇ ਹਨ, ਦੀ ਤਨਖਾਹ 40 ਪ੍ਰਤੀਸ਼ਤ ਤੱਕ ਵਧਾ ਕੇ ਬਾਕੀ ਰਹਿੰਦੇ ਤਕਰੀਬਨ 13000 ਮੁਲਾਜਮਾਂ ਨੂੰ ਅਣਗੋਲਿਆਂ ਕੀਤਾ ਗਿਆ ਹੈ। ਜਿਸ ਨਾਲ ਸਮੂਹ ਮੁਲਾਜਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਕੰਮ ਕਰਨ ਦੇ ਜਜਬੇ ਨੂੰ ਵੀ ਭਾਰੀ ਧੱਕਾ ਲੱਗਾ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਸਮੂਹ ਐਨ.ਆਰ.ਐਚ. ਐਮ. ਮੁਲਾਜਮਾਂ ਦੀਆਂ ਸਾਰੀਆਂ ਮੰਗਾਂ ਜਿੰਨਾਂ ਤੋ ਸਰਕਾਰ ਭਲੀਭਾਂਤੀ ਜਾਣੂ ਹੈ ਸੰਬੰਧੀ ਸੰਜੀਦਗੀ ਦਿਖਾਂਉਦੇ ਹੋਏ ਮੁਲਾਜਮਾਂ ਦੀ ਸਾਰ ਲਵੇ ਅਤੇ ਬਿਨਾਂ ਕਿਸੇ ਦੇਰੀ ਦੇ ਸਾਰੇ ਮੁਲਾਜਮਾਂ ਨੂੰ ਵਿਭਾਗ ਵਿੱਚ ਪੱਕਾ ਕਰੇ।ਜੇਕਰ ਸਰਕਾਰ ਆਉਣ ਵਾਲੇ ਕੁੱਝ ਦਿਨਾਂ ਵਿੱਚ ਉਹਨਾਂ ਦੀ ਸਾਰ ਨਹੀਂ ਲੈਂਦੀ ਤਾਂ ਨਾਂ ਚਾਹੁੰਦੇ ਹੋਏ ਵੀ ਮਜਬੂਰਨ ਉਹਨਾਂ ਨੂੰ ਸਖਤ ਕਦਮ ਚੁੱਕਣੇ ਪੈਣਗੇ ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੋਕੇ ਯੂਨੀਅਨ ਆਗੂਆਂ ਵੱਲੋਂ ਸਿਵਲ ਸਰਜਨ ਰੂਪਨਗਰ ਨੂੰ ਮੰਗ ਪੱਤਰ ਵੀ ਸੋਂਪਿਆ ਗਿਆ।
ਇਸ ਮੋਕੇ ਡਾ. ਰਿੰਪਲ ਗਰਗ, ਡਾ. ਜਸ਼ਨਮੀਤ ਕੋਰ, ਡੀ.ਪੀ.ਐਮ ਡੋਲੀ ਸਿੰਗਲਾ, ਮਨਜਿੰਦਰ ਸਿੰਘ, ਲਖਵੀਰ ਸਿੰਘ, ਰਮਨਦੀਪ ਸਿੰਘ, ਕਿਰਨਦੀਪ ਕੋਰ , ਮੋਹਣ ਸਿੰਘ, ਅਨੁਰਾਧਾ ਨਗੋਤਰਾ, ਪਰਮਜੀਤ ਕੋਰ, ਜਤਿੰਦਰ ਕੁਮਾਰ, ਪਰਵਿੰਦਰ ਸਿੰਘ, ਵੀਰਪਾਲ ਕੋਰ, ਸਮੂਹ ਐਨ.ਐਚ.ਐਮ. ਮੁਲਾਜਮ ਮੋਜੂਦ ਸਨ।