ਰਜਨੀਸ਼ ਸਰੀਨ
- ਬੱਚਿਆਂ ਨੂੰ ਸਵਾ ਕਿਲੋ ਕਣਕ ਦੀ ਬਜਾਏ ਘੱਟੋ-ਘੱਟ 20 ਕਿਲੋ ਅਨਾਜ ਦਿੱਤਾ ਜਾਵੇ- ਜੀ.ਟੀ.ਯੂ.*
ਮੋਹਾਲੀ, 07 ਅਪ੍ਰੈਲ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਐਮਰਜੈਂਸੀ ਡਿਊਟੀ ਤੇ ਲਗਾਏ ਗਏ ਅਧਿਆਪਕਾਂ ਅਤੇ ਮੁਲਾਜ਼ਮਾਂ ਦਾ ਸਿਹਤ ਕਰਮਚਾਰੀਆਂ ਅਤੇ ਸਫਾਈ ਕਰਮਚਾਰੀਆਂ ਵਾਂਗ ਬੀਮਾ ਕਰਨ ਦੀ ਮੰਗ ਕਰਦਿਆਂ ਅਤੇ ਸਿੱਖਿਆ ਵਿਭਾਗ ਵੱਲੋਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਕਰਫ਼ਿਊ ਦੇ ਸਮੇਂ ਦਾ ਮਿਡ ਡੇ ਮੀਲ ਅਤੇ ਕੁਕਿੰਗ ਕਾਸਟ ਬੱਚਿਆਂ ਨੂੰ ਦੇਣ ਦੇ ਆਦੇਸ਼ ਜਾਰੀ ਕਰਨ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ ਨੇ ਸੁਝਾਅ ਦਿੰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਵਿਸ਼ਵ ਵਿਆਪੀ ਮਹਾਂਮਾਰੀ ਨਾਲ ਲੜ ਰਹੇ ਸਮੁੱਚੇ ਸਮਾਜ ਖਾਸ ਕਰਕੇ ਕਿਰਤੀ ਵਰਗ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਸਿਰਫ ਮਿਡ-ਡੇ-ਮੀਲ (ਦੁਪਹਿਰ ਦਾ ਖਾਣਾ) ਹੀ ਨਹੀਂ, ਉਨ੍ਹਾਂ ਨੂੰ ਸਵੇਰ ਅਤੇ ਰਾਤ ਦੇ ਸਮੇਂ ਦਾ ਖਾਣਾ ਦੇਣ ਦੀ ਵੀ ਜ਼ਰੂਰਤ ਨੂੰ ਦੇਖਦੇ ਹੋਏ ਪ੍ਰਾਇਮਰੀ ਦੇ ਬੱਚਿਆਂ ਲਈ ਇਕ ਕਿੱਲੋ ਦੋ ਸੌ ਗ੍ਰਾਮ ਕਣਕ ਦੇਣ ਦੀ ਬਜਾਏ ਘੱਟੋ ਘੱਟ ਵੀਹ ਕਿਲੋ ਅਤੇ ਅਪਰ ਪ੍ਰਾਇਮਰੀ ਦੇ ਬੱਚਿਆਂ ਲਈ ਇਕ ਕਿਲੋ ਅੱਠ ਸੌ ਗ੍ਰਾਮ ਕਣਕ ਦੇਣ ਦੀ ਬਜਾਏ ਘੱਟੋ ਘੱਟ ਤੀਹ ਕਿਲੋ ਅਨਾਜ ਦਿੱਤਾ ਜਾਵੇ ਅਤੇ ਬੱਚਿਆਂ ਦੀ ਆਰਥਿਕ ਮਦਦ ਕਰਨ ਲਈ ਫੰਡ ਜਾਰੀ ਕੀਤਾ ਜਾਵੇ। ਕਿਉਂਕਿ ਸਰਕਾਰੀ ਸਕੂਲਾਂ ਵਿੱਚ ਬਹੁਗਿਣਤੀ ਆਰਥਿਕ ਤੌਰ 'ਤੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਹੁੰਦੀ ਹੈ। ਕੁਕਿੰਗ ਕਾਸਟ ਦੇ ਪੈਸੇ ਖਾਤਿਆਂ ਵਿੱਚ ਪਾਉਣ ਦੀ ਬਜਾਏ ਅਨਾਜ ਦੇ ਨਾਲ ਹੀ ਨਕਦ ਦਿੱਤੇ ਜਾਣ ਤਾਂ ਜੋ ਖਾਤਿਆਂ ਵਿੱਚੋਂ ਪੈਸੇ ਕਢਵਾਉਣ ਲਈ ਬੈਂਕਾਂ ਵਿੱਚ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਜਮਾਂ ਹੋ ਜਾਣ ਨਾਲ ਲਾਕਡਾਉਨ ਅਤੇ ਕਰਫ਼ਿਊ ਲਾਏ ਜਾਣ ਦੇ ਮੰਤਵ ਨੂੰ ਸੱਟ ਨਾ ਵੱਜੇ। ਇਸ ਤੋਂ ਇਲਾਵਾ ਬੱਚਿਆਂ ਦੇ ਰਹਿੰਦੇ ਵਜ਼ੀਫ਼ੇ ਤੁਰੰਤ ਦੇਣ ਦੀ ਮੰਗ ਕੀਤੀ।