ਅਪੀਲ - ਘਰਾਂ ਵਿਚ ਰਹਿਣ, ਸਮਾਜਿਕ ਦੂਰੀ ਬਣਾਈ ਰੱਖਣ ਅਤੇ ਪ੍ਰਸ਼ਾਸ਼ਨ ਨੂੰ ਦੇਣ ਸਹਿਯੋਗ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 20 ਅਪ੍ਰੈਲ 2020: ਫ਼ਰੀਦਕੋਟ ਅਤੇ ਬਾਹਰਲੇ ਦੇਸ਼ਾਂ ਵਿਚ ਕੰਮ ਕਰ ਰਹੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਲੂਮਨੀ ਐਸੋਸੀਏਸ਼ਨ ਵੱਲੋਂ ਉਪ ਕੁਲਪਤੀ ਡਾ. ਰਾਜ ਬਹਾਦਰ ਸਿੰਘ ਅਤੇ ਪ੍ਰਿੰਸੀਪਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਨੂੰ 500 ਨਿੱਜੀ ਸੁਰੱਖਿਆ ਉਪਕਰਨ (ਪੀ.ਪੀ.ਈ ) ਭੇਂਟ ਕੀਤੀਆਂ ਗਈਆਂ। ਇਸ ਮੌਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਜੋਸ਼ੀ ਵੀ ਹਾਜ਼ਰ ਸਨ।
ਇਸ ਮੌਕੇ ਐਲੂਮਨੀ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਲਜੀਤ ਸਿੰਘ, ਡਾ. ਐਚ.ਐਸ ਘੁੰਮਣ, ਜਨਰਲ ਸਕੱਤਰ ਡਾ. ਚੰਦਰ ਸ਼ੇਖਰ ਕੱਕੜ,ਵਾਈਸ ਪ੍ਰਧਾਨ ਡਾ. ਪ੍ਰਵੀਨ ਗੁਪਤਾ ਡਾ. ਗਰਗਨ ਅਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਕੋਵਿਡ-19 ਨਾਮਕ ਬਿਮਾਰੀ ਨੇ ਵਿਸ਼ਵ ਨੂੰ ਆਪਣੇ ਪਕੜ ਵਿਚ ਲਿਆ ਹੋਇਆ ਹੈ। ਇਸ ਲਈ ਇਸ ਮਹਾਮਾਰੀ ਦੇ ਟਾਕਰੇ ਲਈ ਇਹ ਕਿੱਟਾਂ ਭੇਂਟ ਕਰਨ ਦਾ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ, ਤਾਂ ਕਿ ਇਸ ਮਹਾਮਾਰੀ ਦੇ ਚੱਲਦਿਆਂ ਮਾਨਵਤਾ ਦੀ ਸੇਵਾ ਕੀਤੀ ਜਾ ਸਕੇ। ਉਨਾਂ ਕਿਹਾ ਕਿ ਇਹਨਾਂ ਕਿੱਟਾਂ ਨਾਲ ਡਾਕਟਰ ਨਰਸਿੰਗ ਸਟਾਫ਼ ਅਤੇ ਹਸਪਤਾਲ ਦੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਿਹਤਮੰਦ ਲੋਕਾਂ ਨੂੰ ਕੋਵਿਡ-19 ਇੰਨਫੈਕਸ਼ਨ ਤੋਂ ਬਚਾਉਣ ਲਈ ਵਰਤੀਆਂ ਜਾ ਸਕਣਗੀਆਂ। ਐਸੋਸੀਏਸ਼ਨ ਵੱਲੋਂ ਕੀਤੇ ਗਏ ਇਸ ਮਾਨਵਤਾ ਦੀ ਸੇਵਾ ਲਈ ਵਾਈਸ ਚਾਂਸਲਰ ਨੇ ਐਸੋਸੀਏਸ਼ਨ ਦਾ ਤਹਿ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਸਮੂਹ ਡਾਕਟਰਾਂ ਵੱਲੋਂ ਅਪੀਲ ਕੀਤੀ ਗਈ ਕਿ ਕੋਵਿਡ-19 ਮਹਾਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੋਕ ਘਰਾਂ ਵਿਚ ਰਹਿਕੇ ਸਮਾਜਿਕ ਦੂਰੀ ਬਣਾਈ ਰੱਖਣ ਅਤੇ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਮੇਂ ਸਮੇਂ ਤੇ ਜਾਰੀ ਕੀਤੇ ਜਾਂਦੇ ਹੁਕਮਾਂ ਦੀ ਪਾਲਣਾ ਕਰਨ। ਉਨਾਂ ਕਿਹਾ ਕਿ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤੇ ਹੋਏ ਹਨ ਕਿ ਕੋਵਿਡ-19 ਦੀ ਇਸ ਖਤਰਨਾਕ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਈ ਵੀ ਨਾਗਰਿਕ ਮਾਸਕ ਪਾਏ ਬਗੈਰ ਨਾ ਆਉਣ ਅਤੇ ਜ਼ਰੂਰੀ ਕੰਮ ਵੇਲੇ ਹੀ ਘਰ ਤੋਂ ਬਾਹਰ ਆਇਆ ਜਾਵੇ।