50 ਵਾਰੀਅਰਜ਼ ਦਾ ਕੀਤਾ ਸਨਮਾਨ
ਕਿਹਾ, ਮਿਸ਼ਨ ਫਤਿਹ ਮੁਹਿੰਮ ਦੀ ਸਫਲਤਾ ਲਈ ਲੋਕਾਂ ਦੀ ਸ਼ਮੂਲੀਅਤ ਜ਼ਰੂਰੀ
ਐਸ.ਏ.ਐੱਸ. ਨਗਰ, 18 ਜੂਨ 2020: 'ਮਿਸ਼ਨ ਫਤਹਿ' ਮੁਹਿੰਮ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਆਮ ਲੋਕਾਂ ਦੀ ਤਨਦੇਹੀ ਨਾਲ ਸ਼ਮੂਲੀਅਤ ਬਹੁਤ ਮਹੱਤਵਪੂਰਨ ਹੈ ਕਿਉਂਕਿ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਜਾਗਰੂਕਤਾ ਪੈਦਾ ਕਰਨਾ ਅਸਲ ਵਿੱਚ ਸੰਭਵ ਨਹੀਂ ਹੋ ਸਕਦਾ। ਇਹ ਪ੍ਰਗਟਾਵਾ ਐਸਡੀਐਮ ਖਰੜ ਸ੍ਰੀ ਹਿਮਾਂਸ਼ੂ ਜੈਨ ਨੇ ਕੋਰੋਨਾ ਵਾਇਰਸ ਦੇ ਫੈਲਾਅ ਸੰਬੰਧੀ ਜਾਗਰੂਕਤਾ ਫੈਲਾਉਣ ਲਈ 50 ਮਿਸ਼ਨ ਫਤਿਹ ਵਾਰੀਅਰਜ਼ ਦਾ ਸਨਮਾਨ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ ਜ਼ਿਲਾ ਐਸ.ਏ.ਐੱਸ. ਨਗਰ, ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਦੀ ਦੂਰਦਰਸ਼ੀ ਅਗਵਾਈ ਹੇਠ ਨਿਰੰਤਰ ਜਾਗਰੂਕਤਾ ਮੁਹਿੰਮ ਚਲਾਈ ਜਾ ਰਿਹਾ ਹੈ ਤਾਂ ਜੋ ਜ਼ਿਲ੍ਹੇ ਦੇ ਵਸਨੀਕਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਲਈ ਸਿਹਤ ਵਿਭਾਗ ਦੇ ਪ੍ਰੋਟੋਕੋਲ ਅਨੁਸਾਰ ਕੀਤੇ ਜਾ ਰਹੇ ਸੁਰੱਖਿਆ ਉਪਾਵਾਂ ਬਾਰੇ ਜਾਗਰੂਕ ਕਰਨਾ ਯਕੀਨੀ ਬਣਾਇਆ ਜਾ ਸਕੇ।
ਹੋਰ ਜਾਣਕਾਰੀ ਦਿੰਦਿਆਂ, ਉਹਨਾਂ ਕਿਹਾ ਕਿ ਇਸ ਦੇ ਮੱਦੇਨਜ਼ਰ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਵਿਚ ਪ੍ਰਚਾਰ ਵਾਹਨਾਂ ਰਾਹੀਂ ਪ੍ਰਚਾਰ, ਹੋਰਡਿੰਗਜ਼, ਬੈਨਰਾਂ, ਪੈਂਫਲੈਟਾਂ ਦੀ ਵੰਡ, ਕੋਵਾ ਐਪ ਨੂੰ ਡਾਉਨਲੋਡ ਕਰਨ ਲਈ ਜਾਗਰੂਕਤਾ, ਜੀ.ਓ.ਜੀਜ਼, ਆਸ਼ਾ ਵਰਕਰ, ਆਂਗਨਵਾੜੀ ਵਰਕਰ, ਸਰਪੰਚ, ਯੂਥ ਵਾਲੰਟੀਅਰ, ਸਕਾਊਟ ਅਤੇ ਗਾਈਡਜ਼ ਦੁਆਰਾ ਵਿਸ਼ੇਸ਼ ਇਕ-ਇਕ ਮਾਰਗਦਰਸ਼ਨ ਸਮੇਤ ਖੇਤਰ ਦੀਆਂ ਬਹੁਤ ਸਾਰੀਆਂ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਕੋਰੋਨਾ ਵਾਰੀਅਰਜ਼ ਅਤੇ ਮਿਸ਼ਨ ਫਤਿਹ ਵਾਰੀਅਰਜ਼ ਦੀ ਪਛਾਣ ਅਤੇ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਵੀ ਦਿੱਤੀ ਜਾ ਰਹੀ ਹੈ।
ਐਸਡੀਐਮ ਨੇ ਦੱਸਿਆ ਕਿ ਮਹਾਂਮਾਰੀ ਨੂੰ ਹਰਾਉਣ ਲਈ ਮੁਹਿੰਮ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਹਨਾਂ ਜੋਰ ਦੇ ਕੇ ਕਿਹਾ ਕਿ ਸਬਡਵੀਜਨ ਵਿਚ ਕੋਈ ਵੀ ਘਰ ਛੱਡਿਆ ਨਹੀਂ ਜਾਵੇਗਾ।
ਉਹਨਾਂ ਸਾਰਿਆਂ ਨੂੰ ਸਮੇਂ ਸਮੇਂ ‘ਤੇ ਜਾਰੀ ਸਰਕਾਰੀ ਨਿਰਦੇਸ਼ਾਂ ਜਿਵੇਂ ਕਿ ਮਾਸਕ ਪਹਿਨਣ, ਲੋੜੀਂਦੀ ਸਮਾਜਕ ਦੂਰੀ ਬਣਾਈ ਰੱਖਣ, ਸੈਨੀਟਾਈਜ਼ਰ ਦੀ ਵਰਤੋਂ ਕਰਨ ਅਤੇ ਸਾਬਣ ਨਾਲ ਜਿੰਨਾ ਸੰਭਵ ਹੋ ਸਕੇ ਘੱਟੋ ਘੱਟ 20 ਸੈਕਿੰਡ ਲਈ ਹੱਥ ਧੋਣ ਲਈ ਉਤਸ਼ਾਹਤ ਕੀਤਾ।