ਆਈਟੀਆਈ ਬੈਂਕ ਬਰਾਂਚ ਦੇ ਸਟਾਫ ਨੇ ਦਿਖਾਈ ਗ੍ਰਾਹਕਾਂ ਪ੍ਰਤੀ ਹਮਦਰਦੀ
ਅਸ਼ੋਕ ਵਰਮਾ
ਬਠਿੰਡਾ, 20 ਅਪਰੈਲ 2020: ਅੱਜ ਸੋਮਵਾਰ ਨੂੰ ਇਥੇ ਬੈਂਕਾਂ ਖੁੱਲਣ ਨਾਲ ਜਿਥੇ ਕਈ ਬੈਂਕਾਂ ਅੰਦਰ ਭੀੜ ਅਤੇ ਨਿਯਮਾਂ ਦੀ ਅਣਦੇਖੀ ਦੇਖਣ ਨੂੰ ਮਿਲੀ ਉਥੇ ਹੀ ਇਥੋਂ ਦੀ ਆਈ ਟੀ ਆਈ ਪੁੱਲ ਥੱਲੇ ਬਣੀ ਸਟੇਟ ਬੈਂਕ ਆਫ ਇੰਡੀਆਂ ਦੀ ਬਰਾਂਚ ਵੱਲੋਂ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਗਈ ਅਤੇ ਸੋਸ਼ਲ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਗਿਆ। ਅੱਜ ਜਿਆਦਾਤਰ ਬੁਢਾਪਾ, ਵਿਧਵਾ, ਅੰਗਹੀਣ ਪੈਨਸ਼ਨਰਾਂ ਅਤੇ ਕੇਂਦਰ ਸਰਕਾਰ ਵੱਲੋਂ ਪਾਈ ਰਾਸ਼ੀ ਦੇ ਲਾਭਪਤਾਰੀਆਂ ਨੇ ਬੈਂਕਾਂ ਤੋਂ ਆਪਣੀ ਨਗਦੀ ਕਢਵਾਈ। ਇਸ ਬਰਾਂਚ ਦੇ ਬਾਹਰ ਗ੍ਰਾਹਕਾਂ ਲਈ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ਲਈ ਰੰਗ ਨਾਲ ਗੋਲ ਚੱਕਰ ਲਗਾਏ ਹੋਏ ਸਨ, ਗ੍ਰਾਹਕਾਂ ਲਈ ਪੀਣ ਲਈ ਪਾਣੀ ਦੇ ਠੰਢੇ ਕੈਂਪਰਾਂ ਅਤੇ ਬੈਂਕ ਦੇ ਗੇਟ ’ਤੇ ਹੱਥ ਸਾਫ ਕਰਨ ਲਈ ਵੀ ਪਾਣੀ ਤੇ ਸਾਬਣ ਦਾ ਪ੍ਰੰਬਧ ਕੀਤਾ ਹੋਇਆ ਸੀ। ਇਸ ਪੱਤਰਕਾਰ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਬੈਂਕ ਕਰਮਚਾਰੀ ਰੋਹਿਨ ਸੈਨ ਅਤੇ ਗੰਨਮੈਨ ਜਸਪਾਲ ਸਿੰਘ ਗ੍ਰਹਾਕਾਂ ਨੂੰ ਪੂਰੇ ਸਤਿਕਾਰ ਨਾਲ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਦੇ ਹੋਏ ਲਾਈਨਾਂ ਵਿੱਚ ਗੋਲ ਦਾਇਰਾਂ ’ਚ ਖੜੇ ਰਹਿਣ ਦੀ ਅਪੀਲ ਕਰ ਰਹੇ ਸਨ । ਇਸ ਤੋਂ ਇਲਾਵਾ ਬਜੁਰਗਾਂ ਦੇ ਬੈਠਣ ਲਈ ਕੁਰਸੀਆਂ ਦਾ ਵੀ ਇੰਤਜਾਮ ਕੀਤਾ ਹੋਇਆ ਸੀ। ਬੈਂਕ ਦੇ ਚੀਫ ਮੈਨੇਜਰ ਓਮ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ ਉਨਾਂ ਨੂੰ ਜਦੋਂ ਹੀ ਬੈਂਕ ਖੋਲਣ ਦੀਆਂ ਹਦਾਇਤਾਂ ਮਿਲੀਆਂ ਤਾਂ ਉਨਾਂ ਨੇ ਸਭ ਤੋਂ ਪਹਿਲਾਂ ਬੈਂਕ ਦੀ ਸਾਫ ਸਫਾਈ ਕਰਵਾ ਕੇ ਸੈਨੀਟਾਈਜਰ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਲੋਕਾਂ ਲਈ ਬਣਦੀਆਂ ਸਹੂਲਤਾਂ ਦਾ ਵਿਸ਼ੇਸ ਤੌਰ ’ਤੇ ਪ੍ਰਬੰਧ ਕੀਤਾ ਗਿਆ। ਉਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਹਰ ਇਕ ਨੂੰ ਇਕ ਦੂਜੇ ਦਾ ਖਿਆਲ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜਰੂਰੀ ਹੈ ਤਾਂ ਕਿ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ।ਉਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਬਰਾਂਚ ਖੋਲ ਰਹੇ ਹਨ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।