ਅਸ਼ੋਕ ਵਰਮਾ
ਮਾਨਸਾ, 5 ਮਈ 2020 - ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਨੇ ਪੁਲਿਸ ਫੋਰਸ ਨੂੰ ਮੁਸਤੈਦ ਬਨਾਉਣ ਅਤੇ ਮੁਲਾਜਮਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਦੇ ਮੰਤਵ ਨਾਲ ਅੱਜ ਜਿਲੇ ’ਚ ਅਤੇ ਅੰਤਰਰਾਜੀ ਸਰਹੱਦ ਤੇ ਲਾਏ ਨਾਕਿਆਂ ਦੀ ਚੈਕਿੰਗ ਕੀਤੀ। ਚੈਕਿੰਗ ਦੌਰਾਨ ਅਣਗਹਿਲੀ ਪਾਏ ਜਾਣ ਤੇ ਪਿੰਡ ਭੂੰਦੜ ਤੋਂ ਮੱਤੜ ਰੋਡ ਤੇ ਪੈਂਦੇ ਇੰਟਰਸਟੇਟ ਨਾਕੇ ’ਤੇ ਤਾਇਨਾਤ ਸਿਪਾਹੀ ਹਰਪ੍ਰੀਤ ਸਿੰਘ ਅਤੇ ਸਿਪਾਹੀ ਗੁਰਸੰਤ ਸਿੰਘ ਨੂੰ ਡਿਊਟੀ ਵਿੱਚ ਮੁਅੱਤਲ ਲਾਈਨ ਹਾਜਰ ਕਰ ਦਿੱਤਾ। ਡਾ. ਭਾਰਗਵ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਨੂੰ 48 ਨਾਕੇ (ਦਿਨ/ਰਾਤ ਦੇ) ਅਤੇ 7 ਨਾਕੇ (ਸਿਰਫ ਰਾਤ ਸਮੇ) ਕੁੱਲ 55 ਨਾਕੇ ਲਗਾ ਕੇ ਚਾਰੇ ਪਾਸਿਓ ਸੀਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚੋਂ 21 ਨਾਕੇ ਅੰਤਰਰਾਜੀ ਹਨ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਸਿਰਫ ਪਿੰਡ ਝੰਡਾਂ ਖੁਰਦ ਵਾਲਾ ਨਾਕਾ ਹੀ ਐਂਟਰੀ ਪੁਆਇੰਟ ਹੈ ਜਦੋਂ ਕਿ ਸਬਡਵੀਜਨ ਸਰਦੂਲਗੜ ਦੇ ਬਾਕੀ ਸਾਰੇ ਨਾਕੇ ਸੀਲਿਡ ਹਨ ਅਤੇ ਕਿਸੇ ਵੀ ਨਾਕੇ ਰਾਹੀਂ ਕੋਈ ਵਿਅਕਤੀ ਅੰਦਰ ਦਾਖਲ ਨਹੀਂ ਹੋ ਸਕਦਾ।
ਉਨ੍ਹਾਂ ਦੱਸਿਆ ਕਿ ਪਿੰਡ ਝੰਡਾਂ ਖੁਰਦ ਵਾਲੇ ਨਾਕੇ 'ਤੇ ਵੀ ਸਿਰਫ ਜਰੂਰੀ ਵਸਤਾਂ ਵਾਲੇ ਵਹੀਕਲ ਜਿਹਨਾਂ ਕੋਲ ਪਾਸ ਹੋਵੇਗਾ, ਉਹ ਹੀ ਦਾਖਲ ਹੋ ਸਕਦੇ ਹਨ। ਸਾਰੇ ਨਾਕਿਆਂ ਤੇ ਨਜਾਇਜ਼ ਮੂਵਮੈਂਟ ਦੀ ਰੋਕਥਾਮ ਲਈ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਅਤੇ ਜਿੰਨ੍ਹਾਂ ਨਾਕਿਆ ਤੇ ਟੈਂਟ ਜਾ ਛਾਂਦਾਰ ਛੱਤਰੀ ਨਹੀ ਲੱਗੀ ਹੋਈ, ਉਹਨਾਂ ਤੇ ਡੀ.ਐਸ.ਪੀ. ਸਰਦੂਲਗੜ 2 ਦਿਨਾਂ ਦੇ ਅੰਦਰ ਅੰਦਰ ਲਗਵਾਉਣ ਦੀ ਹਦਾਇਤ ਕੀਤੀ ਗਈ।
ਇਸੇ ਤਰ੍ਹਾਂ ਹੀ ਜ਼ਿਲ੍ਹਾ ਮਾਨਸਾ ਅੰਦਰ ਆਉਣ ਵਾਲਿਆ ਲਈ ਬੋਹਾ ਰੋਡ, ਰਤੀਆ-ਜਾਖਲ ਰੋਡ (ਤਹਿਸੀਲ ਬੁਢਲਾਡਾ) ਅਤੇ ਸਿਰਸਾ ਰੋਡ (ਤਹਿਸੀਲ ਸਰਦੂਲਗੜ) ਨੋਟੀਫਾਈ ਕੀਤੇ ਗਏ ਹਨ। ਇਹਨਾਂ ਰਸਤਿਆਂ ਦੀਆ ਹੱਦਾਂ ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ, ਜੋ ਬਾਹਰੋ ਆਉਣ ਵਾਲੇ ਹਰੇਕ ਵਿਆਕਤੀ ਦੀ ਮੈਡੀਕਲ ਸਕਰੀਨਿੰਗ ਕਰਕੇ ਹੀ ਵਿਆਕਤੀ ਨੂੰ ਦਾਖਲ ਹੋਣ ਦਿੰਦੀਆਂ ਹਨ।
ਉਨ੍ਹਾਂ ਦੱਸਿਆ ਕਿ ਸਾਰੇ ਨਾਕਿਆਂ ਤੇ ਪੀਣ ਵਾਲੇ ਪਾਣੀ, ਹੱਥ ਧੋਣ ਲਈ ਸਾਬਣ ਅਤੇਸੈਨੀਟਾਈਜਰ ਅਤੇ ਚਾਹ ਪੀਣ ਲਈ ਥਰਮੋਸ ਬੋਤਲਾਂ ਦੇ ਪ੍ਰਬੰਧ ਮੁਕੰਮਲ ਮਿਲੇ ਹਲ। ਐਸ.ਐਸ.ਪੀ. ਨੇ ਪੁਲਿਸ ਫੋਰਸ ਨੂੰ ਮਾਸਕ ਪਹਿਨਣ, ਸੈਨੀਟਾਈਜਰ ਦੀ ਵਰਤੋ ਕਰਨ, ਇੱਕ- ਦੂਜੇ ਤੋਂ ਦੂਰੀ ਬਣਾ ਕੇ ਰੱਖਣ ਆਦਿ ਸਾਵਧਾਨੀਆਂ ਦੀ ਵਰਤੋਂ ਲਹੀ ਆਖਿਆ। ਉਨਾਂ ਦੱਸਿਆ ਕਿ ਮੁਲਾਜਮਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਉਨ੍ਹਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਮੌਕੇ ਨਾਕਾ ਇੰਚਾਰਜਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮੇ ਸਮੇ ਸਿਰ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਪੂਰੀ ਚੁਸਤੀ ਨਾਲ ਡਿਊਟੀ ਨਿਭਾਉਣ ਨੂੰ ਯਕੀਨੀ ਬਨਾਉਣ। ਇਸ ਸਮੇਂ ਡੀ.ਐਸ.ਪੀ. ਸਰਦੂਲਗੜ ਸੰਜੀਵ ਗੋਇਲ, ਵੀ ਹਾਜਰ ਸਨ।