ਅਸ਼ੋਕ ਵਰਮਾ
ਮਾਨਸਾ, 11 ਮਈ 2020: ਐਸ.ਐਸ.ਪੀ. ਮਾਨਸਾ ਡਾ ਨਰਿੰਦਰ ਭਾਰਗਵ ਨੇ ਜੰਮੂ ਕਸ਼ਮੀਰ ਦੇ ਹੰਦਵਾੜਾ ਖੇਤਰ ’ਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਜਿਲਾ ਮਾਨਸਾ ਦੇ ਪਿੰਡ ਰਾਜਰਾਣਾ ਵਾਸੀ ਤੇ ਭਾਰਤੀ ਫੌਜ ਦੀ 21ਵੀ ਰਾਸ਼ਟਰੀ ਰਾਈਫਲਜ਼ ਨਾਇਕ ਰਾਜੇਸ਼ ਕੁਮਾਰ ਨੂੰ ਅੱਜ ਉਸ ਦੀ ਅੰੰਤਮ ਅਰਦਾਸ ’ਚ ਸ਼ਾਮਲ ਹੋਕੇ ਸ਼ਰਧਾਂਜਲੀ ਭੇਂਟ ਕੀਤੀ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਨੇ ਕਰਦਿਆਂ ਕਿਹਾ ਕਿ ਰਜੇਸ਼ ਕੁਮਾਰ ਦੀ ਇਹ ਸ਼ਹਾਦਤ ਲਾਸਾਨੀ ਹੈ ਅਤੇ ਇਹ ਪਰਿਵਾਰ ਤੇ ਦੇਸ਼ ਲਈ ਨਾ ਪੂਰਿਆ ਜਾਣ ਵਾਲਾ ਘਾਟਾ ਹੈ। ਉਨਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਤੇ ਹਮੇਸ਼ਾ ਮਾਣ ਰਹੇਗਾ ਜੋ ਸਮਾਜ ਤੇ ਦੇਸ਼ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਡਿਊਟੀ ਨਿਭਾਉਂਦੇ ਹਨ ਅਤੇ ਦੇਸ਼ ਤੇ ਸਮਾਜ ਲਈ ਕੁਰਬਾਨ ਹੋ ਜਾਂਦੇ ਹਨ।
ਉਨਾਂ ਪਰਿਵਾਰ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਉਨਾਂ ਦੇ ਸਪੁੱਤਰ ਦੀ ਸ਼ਹਾਦਤ ਅਤਿਅੰਤ ਕੀਮਤੀ ਹੈ ਜਿਸ ਨੇ ਮਾਨਸਾ ਜਿਲੇ ਸਮੇਤ ਪੰਜਾਬ ਨੂੰ ਬੜਾ ਮਾਣ ਬਖਸ਼ਿਆ ਹੈ। ਉਨਾਂ ਕਿਹਾ ਕਿ ਹੁਣ ਰਾਜੇਸ਼ ਕੁਮਾਰ ਸਿਰਫ ਉਹਨਾਂ ਦਾ ਹੀ ਸਪੁੱਤਰ ਨਹੀ, ਸਗੋ ਸਾਰੇ ਪੰਜਾਬ ਅਤੇ ਦੇਸ ਦਾ ਸਪੁੱਤਰ ਹੈ। ਜਿਲਾ ਮਾਨਸਾ ਪੁਲਿਸ, ਜਿਲਾ ਪ੍ਰਸਾਸਨ ਮਾਨਸਾ, ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਪਰਿਵਾਰ ਦੇ ਨਾਲ ਖੜੀ ਹੈ ਅਤੇ ਹਮੇਸਾ ਖੜੀ ਰਹੇਗੀ। ਉਸ ਦੀ ਕੁਰਬਾਨੀ ਨਾਲ ਪੂਰੇ ਦੇਸ਼ ਦਾ ਸਿਰ ਮਾਣ ਨਾਲ ੳੁੱਚਾ ਹੋਇਆ ਹੈ। ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਨੇ ਵੀ ਅੱਜ ਸ਼ੋਕ ਸੰਦੇਸ਼ ਭੇਜ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ। ਉਨਾਂ ਦੱਸਿਆ ਕਿ ਪੰਜਾਬ ਪੁਲਿਸ ਹਮੇਸ਼ਾ ਹੀ ਸ਼ਹੀਦ ਦੇ ਪ੍ਰੀਵਾਰ ਨੂੰ ਆਪਣਾ ਪਰਿਵਾਰ ਸਮਝੇਗੀ ਅਤੇ ਹਰ ਦੁੱਖ ਤਕਲੀਫ ’ਚ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖੜੇਗੀ ।