ਅਸ਼ੋਕ ਵਰਮਾ
- ਆਪਣੇ ਕੋਲ ਰੱਖੇ ਛੋਟੀ ਡਾਇਰੀ ਰੱਖਣੀ ਬਣਾਈ ਜਾਵੇ ਯਕੀਨੀ
ਬਠਿੰਡਾ, 8 ਅਪ੍ਰੈਲ 2020 - ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਨੇ ਕੋਰੋਨਾ ਵਾਇਰਸ ਖਿਲਾਫ ਲੜਾਈ ਲੜਨ ਵਾਲੇ ਸਮੂਹ ਵਿਭਾਗਾਂ ਦੇ ਕਰਮਚਾਰੀਆ ਅਤੇ ਹੋਰ ਮਹਿਕਮਿਆਂ ਦੇ ਮੁਲਾਜਮਾਂ ਤੇ ਆਮ ਲੋਕਾਂ ਨੂੰ ਪੂਰੀ ਤਰਾਂ ਚੌਕਸੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ’ਚ ਫੈਲ ਚੁੱਕੀ ਇਸ ਭਿਆਨਕ ਬਿਮਾਰੀ ਨੂੰ ਕੰਟਰੋਲ ਕਰਨ ਦੇ ਲਈ ਸੂਬਾ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ’ਤੇ ਚਲਦਿਆਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਨ-ਰਾਤ ਇੱਕ ਕਰਕੇ ਆਪਣੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਪੁਲਿਸ ਮੁਖੀ ਡਾ. ਨਾਨਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਭਰ ’ਚ ਇਸ ਵਾਇਰਸ ਨਾਲ ਨਜਿੱਠਣ ਲਈ ਜ਼ਿਲ੍ਹਾ ਪੁਲਿਸ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਆਪਣੇ ਘਰਾਂ ਜਾਂ ਸੰਸਥਾਵਾਂ ਦੇ ਸੀ.ਸੀ.ਟੀ.ਵੀ. ਹਮੇਸ਼ਾ ਚਾਲੂ ਕਰਕੇ ਰੱਖਣ ਤਾਂ ਜੋ ਉਨਾਂ ਦੇ ਆਲੇ ਦੁਆਲੇ ਹੁੰਦੀ ਹਰ ਗਤੀਵਿਧੀ ਦਾ ਪਤਾ ਲੱਗਦਾ ਰਹੇ। ਉਨ੍ਹਾਂ ਕਿਹਾ ਕਿ ਇਸ ਤਰਾਂ ਇੱਕ ਛੋਟੀ ਜਿਹੀ ਡਾਇਰੀ ਹਮੇਸ਼ਾ ਆਪਣੇ ਕੋਲ ਰੱਖੀ ਜਾਵੇ ਅਤੇ ਰੋਜ਼ਾਨਾ ਜਿਹੜੇ-ਜਿਹੜੇ ਵਿਅਕਤੀ ਸੰਪਰਕ ਵਿਚ ਆਉਣ ਇੱਕ ਪੰਨੇ ਤੇ ਮਿਤੀ ਸਮੇਤ ਨਾਮ ਲਿਖਿਆ ਜਾਵੇ। ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਕਰਨ ਨਾਲ ਜੋ ਵੀ ਕੋਈ ਕੋਰੋਨਾ ਵਾਇਰਸ ਪ੍ਰਭਾਵਿਤ ਹੁੰਦਾ ਹੈ ਤਾਂ ਪ੍ਰਸ਼ਾਸਨ ਨੂੰ ਸੰਪਰਕ ਵਿਚ ਆਉਣ ਵਾਲੇ ਸਾਰੇ ਵਿਅਕਤੀਆਂ ਦਾ ਪਤਾ ਲਗਾਉਣ ’ਚ ਸਹਾਇਤਾ ਮਿਲਦੀ ਹੈ।
ਡਾ. ਨਾਨਕ ਸਿੰਘ ਨੇ ਕਿਹਾ ਕਿ ਜੋ ਵੀ ਕਰਮਚਾਰੀ ਇਸ ਜੰਗ ਵਿਚ ਆਪਣਾ ਯੋਗਦਾਨ ਪਾ ਰਹੇ ਹਨ ਉਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ। ਉਨਾਂ ਕਿਹਾ ਕਿ ਕਰਮਚਾਰੀ ਜ਼ਿਆਦਾ ਸੁਚੇਤ ਰਹਿਣ ਅਤੇ ਵਾਰ-ਵਾਰ ਆਪਣੇ ਹੱਥ ਸਾਬਣ ਜਾਂ ਸੈਨੀਟਾਈਜ਼ਰ ਨਾਲ ਚੰਗੀ ਤਰਾਂ ਧੋਣ। ਉਨਾਂ ਕਿਹਾ ਕਿ ਘਰ ’ਚ ਦਾਖ਼ਲ ਹੋਣ ਸਮੇਂ ਸਿੱਧਾ ਆਪਣੇ ਪਰਿਵਾਰ ’ਚ ਨਾ ਜਾਇਆ ਜਾਵੇ ਬੜੇ ਸੁਚੇਤ ਹੋ ਕੇ ਬਿਨਾਂ ਕਿਸੇ ਵਸਤੂ ਨੂੰ ਛੂਹੇ ਬਿਨਾਂ ਨਹਾਉਣਾ, ਕਪੜੇ ਬਦਲਣਾ ਤੇ ਉਤਾਰੇ ਹੋਏ ਕਪੜਿਆਂ ਨੂੰ ਗਰਮ ਪਾਣੀ ਨਾਲ ਧੋਣਾ, ਵਰਗੀਆਂ ਸਾਵਧਾਨੀਆਂ ਅਮਲ ’ਚ ਲਿਆਉਣੀਆਂ ਚਾਹੀਦੀਆਂ ਹਨ।
ਇਸ ਤੋਂ ਇਲਾਵਾ ਉਨਾਂ ਕਿਹਾ ਕਿ ਜੇਕਰ ਪਰਿਵਾਰ ’ਚ ਕਿਸੇ ਨੂੰ ਬੁਖ਼ਾਰ, ਖ਼ਾਸੀ, ਜੁਕਾਮ ਤੇ ਸਾਹ ਲੈਣ ’ਚ ਦਿੱਕਤ ਹੈ ਤਾਂ ਉਸ ਕੋਲੋਂ ਦੂਰੀ ਬਣਾਈ ਜਾਵੇ। ਆਨ ਲਾਇਨ ਮੰਗਵਾਈਆਂ ਜ਼ਰੂਰੀ ਵਸਤੂਆਂ ਨੂੰ 4-5 ਦਿਨਾਂ ਤੱਕ ਸਾਈਡ ਤੇ ਰੱਖਣ ਤੋਂ ਬਾਅਦ ਹੀ ਵਰਤੋਂ ਵਿਚ ਲਿਆਂਦਾ ਜਾਵੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਏ ਤਾਂ ਜੋ ਅਸੀਂ ਇਸ ਭਿਆਨਕ ਬਿਮਾਰੀ ਨੂੰ ਦੂਰ ਭਜਾ ਸਕੀਏ। ਉਨਾਂ ਇਹ ਵੀ ਕਿਹਾ ਕਿ ਜਦ ਤੱਕ ਕੋਈ ਐਂਮਰਜੈਂਸੀ ਨਾ ਹੋਵੇ ਤਾਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ।
ਕੋਰੋਨਾ ਵਾਇਰਸ ਤੋਂ ਜਾਗਰੂਕਤਾ ਤਰਜੀਹ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਇਸ ਸੰਕਟ ਦੇ ਸਮੇਂ ਦੌਰਾਨ ਹਰ ਨਾਗਰਿਕ ਬਿਨਾਂ ਵਰਦੀ ਵਾਲਾ ਸਿਪਾਹੀ ਹੈ ਇਸ ਲਈ ਸਾਰੇ ਲੋਕਾਂ ਨੂੰ ਚੌਕਸ ਰਹਿਣਾ ਚਾਹੀਦਾ ਹੈ । ਉਨਾਂ ਆਖਿਆ ਕਿ ਲੋਕ ਇਹ ਵੀ ਸਮਝਣ ਕਿ ਜੇਕਰ ਉਨਾਂ ਦੇ ਹੱਕ ਹਨ ਤਾਂ ਕਈ ਫਰਜ਼ ਵੀ ਹਨ। ਉਨਾਂ ਆਖਿਆ ਕਿ ਆਮ ਆਦਮੀ ਦੀ ਜਾਨ ਮਾਲ ਦੀ ਰਾਖੀ ਕਰਨੀ ਉਨਾਂ ਦੀ ਪਹਿਲੀ ਤਰਜੀਹ ਹੈ ਜਿਸ ਲਈਂ ਸਮੂਹ ਪੁਲਿਸ ਅਫਸਰ ਅਤੇ ਮੁਸਤੈਦੀ ਨਾਲ ਕੰੰਮ ਕਰ ਰਹੇ ਹਨ। ਉਨਾਂ ਇਹ ਵੀ ਦੱਸਿਆ ਕਿ ਨਾਗਰਿਕਾਂ ਨੂੰ ਕਰੋਨਾ ਵਾਇਰਸ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਨਾ ਉਨਾਂ ਦਾ ਤਰਜੀਹੀ ਏਜੰਡਾ ਹੈ ਜਿਸ ਲਈ ਸਮੁੱਚੀ ਜਿਲਾ ਪੁਲਿਸ ਵੱਲੋਂ ਚੇਤਨਾਂ ਪ੍ਰ੍ਰ੍ਰੋਗਰਾਮ ਵੀ ਚਲਾਇਆ ਜਾ ਰਿਹਾ ਹੈ।