ਰਜਨੀਸ਼ ਸਰੀਨ
- ਅਧਿਕਾਰੀਆਂ ਨੂੰ ਸਮੁੱਚੇ ਪ੍ਰਬੰਧ ਅਗਾਊਂ ਰੂਪ ’ਚ ਮੁਕੰਮਲ ਕਰਨ ਲਈ ਆਖਿਆ
ਬੰਗਾ, 10 ਅਪਰੈਲ 2020 - ਐਸ ਡੀ ਐਮ ਬੰਗਾ ਗੌਤਮ ਜੈਨ ਵੱਲੋਂ ਅੱਜ ਇੱਥੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਭਵਿੱਖ ’ਚ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਿਪਟਣ ਦੀ ਤਿਆਰੀ ਲਈ ਗੁਰੂ ਨਾਨਕ ਹਸਪਤਾਲ ਢਾਹਾਂ ਕਲੇਰਾਂ ਵਿਖੇ 50 ਬਿਸਤਰਿਆਂ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਜਾ ਰਿਹਾ ਹੈ।
ਅੱਜ ਇੱਥੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਜੈਨ ਨੇ ਸਮੂਹ ਸਬੰਧਤ ਅਧਿਕਾਰੀਆਂ ਨੂੰ ਵਾਰਡ ਦੀ ਤਿਆਰੀ ਨਾਲ ਸਬੰਧਤ ਪ੍ਰਬੰਧ ਅਗਾਊਂ ਰੂਪ ’ਚ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਜਲ ਸਪਲਾਈ ਤੇ ਸੈਨੀਟੇਸ਼ਨ, ਫਲੋਰਿੰਗ, ਪਾਰਟੀਸ਼ਨ, ਵੈਂਟੀਲੇਟਰ, ਬੈਡ, ਐਗਜ਼ਾਸਟ, ਤਰਲ ਸਾਬਣ ਅਤੇ ਆਉਣ ਵਾਲੇ ਮਰੀਜ਼ਾਂ ਲਈ ਖਾਣੇ ਦੇ ਪ੍ਰਬੰਧ ਹੁਣ ਤੋਂ ਹੀ ਵਿਚਾਰ ਲਏ ਜਾਣ।
ਮੀਟਿੰਗ ’ਚ ਨਾਇਬ ਤਹਿਸੀਲਦਾਰ ਬੰਗਾ ਲਵਦੀਪ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਬੰਗਾ ਡਾ. ਕਵਿਤਾ ਭਾਟੀਆ, ਜੇ ਈ ਲੋਕ ਨਿਰਮਾਣ ਵਿਭਾਗ ਬਿਜਲੀ ਵਿੰਗ ਰਾਹੁਲ, ਪਾਵਰਕਾਮ ਉਪ ਮੰਡਲ ਅਫ਼ਸਰ ਹਰਪਾਲ ਸਿੰਘ, ਵਿਜੈ ਸ਼ਰਮਾ ਏ ਐਫ ਐਸ ਓ, ਐਸ ਡੀ ਓ ਲੋਕ ਨਿਰਮਾਣ ਵਿਭਾਗ ਰਾਮਪਾਲ ਆਦਿ ਮੌਜੂਦ ਸਨ।
ਉਨ੍ਹਾਂ ਸਬ ਡਵੀਜ਼ਨ ਦੇ ਪਿੰਡ ਪਠਲਾਵਾ ਅਤੇ ਆਸਪਾਸ ਦੇ ਕੁੱਝ ਪਿੰਡਾਂ ਤੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚ ਦਾਖਲ 18 ਮਰੀਜ਼ਾਂ ’ਚੋਂ 10 ਦੇ ਸਿਹਤਯਾਬ ਹੋਣ ਅਤੇ 8 ਦੇ ਅੱਜ ਆਪੋ-ਆਪਣੇ ਘਰਾਂ ’ਚ ਪੁੱਜ ਜਾਣ ਬਾਰੇ ਦੱਸਦਿਆਂ ਕਿਹਾ ਕਿ ਭਾਵੇਂ ਬੰਗਾ ਸਬ ਡਵੀਜ਼ਨ ਦੀ ਇਸ ਬੈਲਟ ’ਚ ਬਿਮਾਰੀ ਨੂੰ ਅੱਗੇ ਵਧਣ ਤੋਂ ਸਮੂਹ ਵਿਭਾਗਾਂ ਅਤੇ ਲੋਕਾਂ ਦੀ ਸਹਾਇਤਾ ਨਾਲ ਅੱਗੇ ਵਧਣ ਤੋਂ ਰੋਕ ਲਿਆ ਗਿਆ ਹੈ ਪਰੰਤੂ ਤਾਂ ਵੀ ਖਬਰਦਾਰ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਲੋਕਾਂ ਨੂੰ ਲਾਕ ਡਾਊਨ ਦੀ ਪੂਰੀ ਤਰ੍ਹਾਂ ਪਾਲਣਾ ਯਕੀਨੀ ਬਣਾਉਣ ਲਈ ਵੀ ਆਖਿਆ।