ਮਨਿੰਦਰਜੀਤ ਸਿੱਧੂ
ਜੈਤੋ, 17 ਮਈ 2020 - ਆਮ ਆਦਮੀ ਪਾਰਟੀ ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਕਾਲਜ ਦੁਆਰਾ ਐਸ.ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਨਹੀਂ ਲਿਆ ਜਾ ਸਕਦਾ। ਉਨ੍ਹਾਂ ਦੱਸਿਆ ਕਿ ਐਸ.ਸੀ ਵਿਦਿਆਰਥੀਆਂ ਦੀ ਸਾਰੀ ਫੀਸ ਜਿਸ ਵਿੱਚ ਪੀਟੀਏ ਵੀ ਸ਼ਾਮਲ ਹੈ ਦੀ ਅਦਾਇਗੀ ਭਾਰਤ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਚ ਕੀਤੀ ਜਾਂਦੀ ਹੈ।
ਸਕਾਲਰਸ਼ਿਪ ਪੋਰਟਲ ਤੇ ਪੀਟੀਏ ਫੰਡ ਅਦਰਜ ਹੈੱਡ ਥੱਲੇ ਕਲੇਮ ਕੀਤਾ ਜਾਂਦਾ ਹੈ। ਕਾਲਜ ਸਰਕਾਰ ਪਾਸੋਂ ਵੀ ਇਹ ਫੰਡ ਕਲੇਮ ਕਰ ਲੈਂਦੇ ਹਨ ਅਤੇ ਐਸਸੀ ਵਿਦਿਆਰਥੀਆਂ ਤੋਂ ਵੀ ਇਸ ਦੀ ਮੰਗ ਕਰਦੇ ਹਨ। ਸੋ ਦੂਹਰੀ ਵਾਰ ਐਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਲਏ ਜਾਣਾ ਉਨਾਂ ਨਾਲ ਸਰਾਸਰ ਬੇਇਨਸਾਫੀ ਹੈ।
ਜਦੋਂ ਭਾਰਤ ਸਰਕਾਰ ਪੀਟੀਏ ਫੰਡ ਵੀ ਦੇ ਰਹੀ ਹੈ, ਤਾਂ ਇਹ ਸਰਕਾਰ ਪਾਸੋਂ ਹੀ ਕਲੇਮ ਕੀਤਾ ਜਾਣਾ ਚਾਹੀਦਾ ਹੈ ਅਤੇ ਵਿਦਿਆਰਥੀਆਂ ਤੋਂ ਇਸ ਦੀ ਮੰਗ ਕਰਨਾ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ, ਅਨੁਸੂਚਿਤ ਜਾਤੀਆਂ ਅਤੇ ਬੀ.ਸੀ. ਭਲਾਈ ਵਿਭਾਗ ਨੂੰ ਇਸ ਸਬੰਧੀ ਪੱਤਰ ਲਿਖ ਚੁੱਕੇ ਹਨ, ਜਿਸ ਵਿੱਚ ਸਰਕਾਰ ਨੂੰ ਐਸਸੀ ਵਿਦਿਆਰਥੀਆਂ ਤੋਂ ਦੂਹਰਾ ਪੀਟੀਏ ਫੰਡ ਵਸੂਲਣ ਬਾਰੇ ਸਥਿਤੀ ਸਪੱਸਟ ਕਰਨ ਲਈ ਕਿਹਾ ਗਿਆ ਹੈ ਅਤੇ ਕਾਲਜਾਂ ਨੂੰ ਐਸ.ਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਨਾ ਵਸੂਲਣ ਦੀ ਹਦਾਇਤ ਕਰਨ ਲਈ ਕਿਹਾ ਗਿਆ ਹੈ।