ਅਸ਼ੋਕ ਵਰਮਾ
ਮਾਨਸਾ, 11ਅਪ੍ਰੈਲ 2020 - ਮਾਨਸਾ ਜਿਲ੍ਹੇ ਦੇ ਬੁਢਆਡਾ ਸ਼ਹਿਰ ਅੰਦਰ ਕਰਫਿਓ ਕਾਰਨ ਲੋਕਾਂ ਦੇ ਘਰਾਂ ਅੰਦਰ ਹੀ ਰਹਿਣ ਦੀ ਨਜ਼ਰਸਾਨੀ ਕਰਨ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਐਸ ਪੀ (ਐਚ) ਮਾਨਸਾ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੇ ਸ਼ਹਿਰ ਦੇ ਰੇਲਵੇ ਰੋਡ, ਗੋਲ ਚੱਕਰ, ਬੱਸ ਸਟੈਂਡ ਖੇਤਰ ਤੋਂ ਇਲਾਵਾ ਭੀਖੀ ਰੋਡ, ਬੋਹਾ ਰੋਡ ਅਤੇ ਕਈ ਪਿੰਡਾਂ ਚ ਫਲੈਗ ਮਾਰਚ ਕੀਤਾ। ਐਸ ਪੀ (ਐਚ) ਨੇ ਲੋਕਾਂ ਨੂੰ ਕਰਫਿਓ ਦੌਰਾਨ ਆਪਣੇ ਘਰਾਂ ਚ ਹੀ ਰਹਿਣ ਦੀ ਅਪੀਲ ਕਰਦਿਆ ਕਿਹਾ ਕਿ ਉਹ ਕਰੋਨਾਂ ਦੇ ਲੱਛਣਾਂ ਸਬੰਧੀ ਕਿਸੇ ਵੀ ਸ਼ੱਕੀ ਮਰੀਜ ਬਾਰੇ ਸਿਹਤ ਵਿਭਾਗ, ਸਿਵਲ ਜਾਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕਰਨ। ਉਨਾਂ ਕਿਹਾ ਕਿ ਕਰਫਿਓ ਨਿਯਮਾਂ ਦੀ ਪਾਲਣਾਂ ਨਾ ਕਰਕੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸ਼ਖਸ਼ ਨੂੰ ਬਖਸ਼ਿਆਂ ਨਹੀਂ ਜਾਵੇਗਾ ।ਉਨਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰਕੋਪ ਤੋਂ ਖੁਦ ਅਤੇ ਆਪਣੇ ਪਰਿਵਾਰ ਨੂੰ ਬਚਾਉਣ ਲਈ ਸਹਿਯੋਗ ਕਰਨ ਤਾਂ ਜੋ ਅਜਿਹੀ ਮਹਾਂਮਾਰੀ ਤੋਂ ਬਚਿਆ ਜਾ ਸਕੇ।