ਅਸ਼ੋਕ ਵਰਮਾ
- ਮੈਡੀਕਲ ਪੈਕਟੀਸਨਰਜ ਵੱਲੋਂ ਮੁੱਖ ਮੰਤਰੀ ਦੇ ਦਖਲ ਦੀ ਮੰਗ
- ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਸਨਮਾਨਿਤ.....
ਮੋਗਾ, 5 ਅਪ੍ਰੈਲ 2020 - ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ 2 ਅਤੇ 03 ਅਪ੍ਰੈਲ ਦੀ ਦਰਿਮਆਨੀ ਰਾਤ ਨੂੰ ਮੋਗਾ ਪੁਲਿਸ ਦੇ ਸਹਾਇਕ ਥਾਣੇਦਾਰ ਬਿਕਰ ਸਿੰਘ ਅਤੇ ਸਿਪਾਹੀ ਸੁਖਜਿੰਦਰ ਸਿੰਘ ਜਦ ਧਰਮਕੋਟ ਸ਼ਹਿਰ ਵਿੱਚ ਪੈਟ੍ਰੋਲਿੰਗ ਡਿਊਟੀ ਤੇ ਸਨ ਤਾਂ ਉਹਨਾ ਨੇ ਅੱਧੀ ਰਾਤ ਨੂੰ ਮੋਟਰਸਾਇਕਲ ਉੱਪਰ ਇਕ ਆਦਮੀ ਅਤੇ ਔਰਤ ਨੂੰ ਪੁਛਗਿਛ ਲਈ ਰੋਕਿਆ ਜਿਨ੍ਹਾ ਨੇ ਦੱਸਿਆ ਕੇ ਔਰਤ ਜੋਤੀ ਪਤਨੀ ਹਰਮੇਸ਼ ਕੁਮਾਰ ਵਾਸੀ ਧਰਮਕੋਟ ਗਰਭਵਤੀ ਹੈ ਅਤੇ ਗਰਭਵਤੀ ਪੀੜਾ ਸਹਿਣ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਅਸੀ ਬਹੁਤ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਦਾ ਕੁੰਡਾ ਖੜਕਾ ਚੁਕੇ ਹਾਂ ਪਰ ਕਿਸੇ ਨੇ ਗੇਟ ਨਹੀਂ ਖੋਲ੍ਹਿਆ ਏਨੇ ਵਿਚ ਗਰਭਵਤੀ ਔਰਤ ਪੀੜਾਂ ਵਿੱਚ ਉੱਚੀ-ਉੱਚੀ ਕਰਲਾਉਣ ਲੱਗ ਪਈ ਤਾਂ ਇਹਨਾ ਮੁਲਾਜ਼ਮਾਂ ਨੇ ਨਾਲ ਦੀ ਅਬਾਦੀ ਵਿੱਚੋ ਕੁੱਝ ਸਿਆਣੀਆਂ ਔਰਤਾ ਨੂੰ ਬੁਲਾਇਆ ਅਤੇ ਚਾਦਰਾਂ ਆਦਿ ਦਾ ਪ੍ਰਬੰਧ ਕੀਤਾ ਅਤੇ ਇਸ ਸਾਰੇ ਘਟਨਾ ਚੱਕਰ ਦੀ ਪੁਲਿਸ ਕਰਮਚਾਰੀ ਆਪ ਨਿਗਰਾਨੀ ਕਰਦਿਆਂ ਇਨਸਾਨੀਅਤ ਦਾ ਸਬੂਤ ਦਿੰਦੇ ਹੋਏ ਗਰਭਵਤੀ ਔਰਤ ਜੋਤੀ ਦੀ ਖੁਲ੍ਹੇ ਅਸਮਾਨ ਹੇਠਾਂ ਕਾਮਯਾਬ ਡਿਲਿਵਰੀ ਕਰਵਾਈ ਅਤੇ ਇਸ ਔਰਤ ਨੇ ਲੜਕੇ ਨੂੰ ਜਨਮ ਦਿੱਤਾ। ਹਰਮਨਬੀਰ ਸਿੰਘ ਨੇ ਦੱਸਿਆ ਕਿ ਇਸ ਸਾਰੀ ਘਟਨਾ ਤੋ ਬਾਅਦ ਇਨ੍ਹਾਂ ਪੁਲਿਸ ਅਫਸਰਾਂ ਨੇ ਆਪਣੀ ਪ੍ਰਾਈਵੇਟ ਕਾਰ ਵਿਚ ਜੱਚੇ ਅਤੇ ਬੱਚੇ ਨੂੰ ਉਹਨਾ ਦੇ ਘਰ ਪਹੁੰਚਾਇਆ।
ਮਦਦ ਕਰਨ ਵਾਲੇ ਪੁਲਿਸ ਮੁਲਾਜ਼ਮ ਹੋਣਗੇ ਸਨਮਾਨਿਤ.....
ਇਸ ਦੌਰਾਨ ਮੋਗਾ ਦੇ ਐੱਸਐੱਸਪੀ ਹਰਮਨਬੀਰ ਸਿੰਘ ਗਿੱਲ ਨੇ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਖਾਸ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਨੇ ਰਾਤ ਸਮੇਂ ਜਣੇਪਾ–ਪੀੜਾਂ ਝੱਲ ਰਹੀ ਇੱਕ ਔਰਤ ਦੀ ਮਦਦ ਕੀਤੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਏਐੱਸਆਈ ਬਿੱਕਰ ਸਿੰਘ ਤੇ ਕਾਂਸਟੇਬਲ ਸੁਖਜਿੰਦਰ ਸਿੰਘ ਨੇ ਜਦੋਂ ਧਰਮਕੋਟ ਕਸਬੇ ’ਚ ਇੱਕ ਔਰਤ ਨੂੰ ਕਾਫ਼ੀ ਦਰਦ ਝੱਲਦਿਆਂ ਦੇਖਿਆ, ਤਾਂ ਉਨ੍ਹਾਂ ਤੁਰੰਤ ਸਭ ਤੋਂ ਪਹਿਲਾਂ ਲੱਕੜੀ ਦੇ ਬੈਂਚਾਂ ਦਾ ਇੰਤਜ਼ਾਮ ਕੀਤਾ। ਫਿਰ ਉਨ੍ਹਾਂ ਲਾਗਲੇ ਘਰਾਂ ’ਚੋਂ ਕੁਝ ਔਰਤਾਂ ਨੂੰ ਸੱਦਿਆ ਤੇ ਉਨ੍ਹਾਂ ਸਭਨਾਂ ਨੇ ਮਿਲ ਕੇ ਦਰਦ ਝੱਲ ਰਹੀ ਔਰਤ ਦੀ ਮਦਦ ਕੀਤੀ। ਉਸ ਔਰਤ ਦੇ ਪੁੱਤਰ ਨੇ ਜਨਮ ਲਿਆ। ਮੋਗਾ ਪੁਲਿਸ ਦੇ ਉਪਰੋਕਤ ਦੋਵੇਂ ਅਧਿਕਾਰੀ ਰਾਤ ਸਮੇਂ ਆਪਣੀ ਗਸ਼ਤ ਦੀ ਡਿਊਟੀ ’ਤੇ ਸਨ।
ਮੈਡੀਕਲ ਪੈਕਟੀਸਨਰਜ ਐਸੋਸੀਏਸ਼ਨ ਪੰਜਾਬ ਨੇ ਰਾਜ ਵਿੱਚ ਸਿਹਤ ਸੇਵਾਵਾਂ ’ਚ ਆਏ ਨਿਘਾਰ ਅਤੇ ਨਿੱਜੀ ਹਸਪਤਾਲਾਂ ’ਚ ਕੰਮ ਠੱਪ ਹੋਣ ਨੂੰ ਲੈ ਕੇ ਚਿੰਤਾ ਦਾ ਇਜ਼ਹਾਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦਖਲ ਦੇਣ ਦੀ ਮੰਗ ਕੀਤੀ ਹੈ। ਐਸੋਸੀਏਸ਼ਨ ਨੇ ਮੋਗਾ ਜਿਲ੍ਹੇ ਦੇ ਧਰਮਕੋਟ ਇਲਾਕੇ ਦੇ ਪਿੰਡ ਲੋਹਗੜ ਦੀ ਇੱਕ ਗਰਭਵਤੀ ਮਹਿਲਾ ਵੱਲੋਂ ਜਨਮ ਪੀੜਾਂ ਦੇ ਚੱਲਦਿਆਂ ਰਾਤ ਨੂੰ ਡਲਿਵਰੀ ਲਈ ਧਰਮਕੋਟ ਦੇ ਸਰਕਾਰੀ ਹਸਪਤਾਲ 'ਚ ਕਿਸੇ ਵੀ ਡਾਕਟਰ ਦੇ ਹਾਜਰ ਨਾ ਮਿਲਣ ਨੂੰ ਮੰਦਭਾਗਾ ਦੱਸਿਆ ਹੈ। ਐਸੋਸੀਏਸ਼ਨ ਨੇ ਪ੍ਰਾਈਵੇਟ ਨਰਸਿੰਗ ਹੋਮ ਨੂੰ ਲੱਗੇ ਜਿੰਦੇ 'ਤੇ ਸਖਤ ਇਤਰਾਜ ਜਾਹਰ ਕਰਦਿਆਂ ਆਖਿਆ ਕਿ ਕੋਰੋਨਾ ਵਾਇਰਸ ਕਾਰਨ ਬਣੇ ਮਹੌਲ ਕਾਰਨ ਮਾੜੇ ਪ੍ਰਬੰਧਾਂ ਦੀ ਇਹ ਇੰਤਹਾ ਹੈ ਜਿਸ ਤੋਂ ਸਰਕਾਰ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇੇ ਇਸ ਮਾਮਲੇ ਵਿੱਚ ਪੁਲਿਸ ਕਰਮਚਾਰੀਆਂ ਵੱਲੋਂ ਨਿਭਾਏ ਰੋਲ ਦੀ ਭਰਪੂਰ ਸਲਾਘਾ ਵੀ ਕੀਤੀ ਹੈ।
ਮੈਡੀਕਲ ਪੈਕਟੀਸਨਰਜ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ: ਸਕੱਤਰ ਕੁਲਵੰਤ ਰਾਏ ਪੰਡੋਰੀ, ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਘਬੀਰ ਚੰਦ ਸਰਮਾ, ਸਕੱਤਰ ਹਰਚੰਦ ਸਿੰਘ,ਚੇਅਰਮੈਨ ਤਾਰਾ ਚੰਦ ਭਾਵਾ,ਅਸੋਕ ਕੁਮਾਰ, ਪੇ੍ਮ ਗਰਗ ਆਦਿ ਆਗੂਆਂ ਨੇ ਦੱਸਿਆ ਕਿ ਪ੍ਰੀਵਾਰ ਜਦੋਂ ਔਰਤ ਨੂੰ ਮੋਗੇ ਲੈ ਕੇ ਜਾਣ ਲਈ ਧਰਮਕੋਟ ਦੇ ਲੋਹਗੜ ਚੌਂਕ ਵਿੱਚ ਪਹੁੰਚੇ ਤਾਂ ਉਸ ਦੇ ਦਰਦਾਂ ਤੇਜ ਹੋ ਗਈਆਂ ਤਾਂ ਉਥੇ ਹਾਜਰ ਦੋ ਪੁਲਿਸ ਮੁਲਾਜਮਾਂ ਵੱਲੋਂ ਨੇੜੇ ਦੇ ਘਰਾਂ ਦੇ ਦਰਵਾਜੇ ਖੁਲ੍ਹਵਾ ਕੇ ਦੋ ਹੋਰ ਔਰਤਾਂ ਨੂੰ ਉਸ ਦੀ ਸਹਾਇਤਾ ਲਈ ਬੁਲਾਇਆ ਜਿੱਥੇ ਉਸ ਔਰਤ ਨੇ ਸੜਕ 'ਤੇ ਹੀ ਇੱਕ ਫੱਟੇ ਉਪਰ ਬੱਚੇ ਨੂੰ ਜਨਮ ਦੇ ਦਿੱਤਾ।
ਉਨ੍ਹਾਂ ਆਖਿਆ ਕਿ ਇਸ ਘਟਨਾ ਨੇ ਪੰਜਾਬ ਅੰਦਰ ਮਿਲ ਰਹੀਆਂ ਸਰਕਾਰੀ ਸਿਹਤ ਸੇਵਾਵਾਂ ਦੀ ਪੋਲ ਹੀ ਨਹੀਂ ਖੋਲ੍ਹੀ ਸਗੋਂ ਸਰਕਾਰ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਦੇ ਝੂਠ ਨੂੰ ਵੀ ਨੰਗਾ ਕੀਤਾ ਹੈ। ਪ੍ਰਾਈਵੇਟ ਸੈਕਟਰ ਦੇ ਡਾਕਟਰਾਂ ਵੱਲੋਂ ਇਸ ਸੰਕਟ ਦੀ ਘੜੀ ਵਿੱਚ ਨਿਭਾਏ ਗਏ ਨਾ ਪੱਖੀ ਰੋਲ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਮੌਕੇ ਸਾਡਾ ਮੁਲਕ ਕੋਰੋਨਾ ਵਾਇਰਸ ਨਾਲ ਲੜ ਰਿਹਾ ਹੈ ਤੇ ਪ੍ਰਾਈਵੇਟ ਡਾਕਟਰ ਇਸ ਮੌਕੇ ਆਪਣੇ ਅਦਾਰੇ ਬੰਦ ਕਰਕੇ ਨੈਤਿਕ ਜੁੰਮੇਵਾਰੀ ਤੋਂ ਭੱਜ ਰਹੇ ਹਨ। ਉਨ੍ਹਾਂ ਆਖਿਆ ਕਿ ਇਹ ਘਟਨਾ ਪ੍ਰਾਈਵੇਟ ਡਾਕਟਰਾਂ ਦੀ ਸੰਕਟ ਮੌਕੇ ਜੰਗ ਦੇ ਮੈਦਾਨ ਵਿਚੋਂ ਭੱਜ ਜਾਣ ਵਾਲੀ ਪਰਵਿਰਤੀ ਨੂੰ ਵੀ ਉਜਾਗਰ ਕਰਦੀ ਹੈ ।
ਉਨ੍ਹਾਂ ਆਖਿਆ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਗਰੀਬ ਬਸਤੀਆਂ ਅੰਦਰ ਪਿਛਲੇ ਲੰਮੇਂ ਸਮੇਂ ਤੋਂ ਲੋੜਬੰਦ ਲੋਕਾਂ ਨੂੰ ਮੁਢੱਲੀਆਂ ਸਿਹਤ ਸੇਵਾਵਾਂ ਦਿੰਦੇ ਆ ਰਹੇ ਮੈਡੀਕਲ ਪ੍ਰੈਕਟੀਸਨਰ ਆਗੂਆਂ ਨੇ ਕਿਹਾ ਕਿ ਉਹ ਹੁਣ ਵੀ ਇਸ ਮਹਾਂਮਾਰੀ ਮੌਕੇ ਲੋਕਾਂ ਨੂੰ ਮੁਢੱਲੀਆਂ ਸਿਹਤ ਸੇਵਾਵਾਂ ਦੇਣ ਲਈ ਤੱਤਪਰ ਹਨ ਜਿਸ ਲਈ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਪੰਜਾਬ ਨੇ ਮੁੱਖ ਮੰਤਰੀ ਪੱਤਰ ਲਿਖ ਕੇ ਇਸ ਸੰਕਟ ਨਾਲ ਨਜਿੱਠਨ ਲਈ ਵਲੰਟੀਅਰ ਤੌਰ 'ਤੇ ਸੇਵਾ ਕਰਨ ਦਾ ਮੌਕਾ ਦੇਣ ਦੀ ਮੰਗ ਕੀਤੀ ਸੀ ਪਰ ਸਰਕਾਰ ਵੱਲੋਂ ਕੋਈ ਹੁੰਗਾਰਾ ਨਹੀਂ ਮਿਲਿਆ ।
ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਲਾਕਡਾਊਨ ਕਾਰਨ ਲੋਕਾਂ ਨੂੰ ਛੋਟੀਆਂ-ਮੋਟੀਆਂ ਬਿਮਾਰੀਆਂ ਕਰਕੇ ਆ ਰਹੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਪੂਰੀਆਂ ਸਾਵਧਾਨੀਆਂ ਨਾਲ ਇੱਕ ਦਾਇਰੇ ਵਿੱਚ ਰਹਿ ਕੇ ਮੁਢੱਲੀਆਂ ਸਿਹਤ ਸੇਵਾਵਾਂ ਦੀ ਇਜਾਜਤ ਦੇਵੇ ਅਤੇ ਔਰਤ ਦੇ ਸੜਕ ਤੇ ਬੱਚੇ ਨੂੰ ਜਨਮ ਦੇਣ ਦੇ ਮਾਮਲੇ ਵਿੱਚ ਸਿਹਤ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਵਰਤੀ ਗਈ ਕਥਿਤ ਲਾਪਰਵਾਹੀ ਦੀ ਜਾਂਚ ਕਰਵਾਏ ਅਤੇ ਪ੍ਰਾਈਵੇਟ ਨਰਸਿੰਗ ਹੋਮ ਖਿਲਾਫ ਬਣਦੀ ਕਾਰਵਾਈ ਕਰੇ।