ਅਸ਼ੋਕ ਵਰਮਾ
ਬਠਿੰਡਾ, 18 ਅਪੈਲ 2020 - ਕੁੱਲ ਹਿੰਦ ਕਿਸਾਨ ਸਭਾ ਦੀ ਕੌਮੀ ਕੌਂਸਲ ਦੇ ਮੈਂਬਰ ਤੇ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਜਗਜੀਤ ਸਿੰਘ ਜੋਗਾ ਨੇ ਮੰਗ ਕੀਤੀ ਹੈ ਕਿ ਕਣਕ ਦੀ ਕੰਬਾਈਨਾਂ ਨਾਲ ਕਟਾਈ ਕਰਨ ਦਾ ਸਰਕਾਰ ਵੱਲੋਂ ਨਿਰਧਾਰਿਤ ਕੀਤਾ ਸਮਾਂ ਸਵੇਰੇ 10 ਤੋਂ ਰਾਤ 10 ਵਜੇ ਤੱਕ ਕੀਤਾ ਜਾਵੇ, ਕਿਉਂਕਿ ਮੌਸਮ ਦੀ ਖਰਾਬੀ ਕਾਰਨ ਸਵੇਰੇ ਸਵੇਰੇ ਕਣਕਾਂ ਨੂੰ ਸਲਾਬ ਹੋਣ ਕਰਕੇ ਕੰਬਾਈਨਾਂ ਸਹੀ ਤਰੀਕੇ ਨਾਲ ਕਟਾਈ ਨਹੀਂ ਕਰ ਸਕਦੀਆਂ ਹਨ ਜੋ ਕਿ ਕਿਸਾਨਾਂ ਲਈ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ।
ਜੋਗਾ ਨੇ ਕਿਹਾ ਕਿ ਕਣਕ ਦੀ ਕਟਾਈ ਕਰਦੇ ਸਮੇ ਨਾਲੋਂ ਨਾਲ ਤੂੜੀ ਬਣਾਉਣ ਉਤੇ ਸਰਕਾਰ ਵੱਲੋਂ ਲਾਈ ਪਾਬੰਦੀ ਵੀ ਕਿਸਾਨਾਂ ਦਾ ਨੁਕਸਾਨ ਕਰ ਰਹੀ ਹੈ। ਉਨਾਂ ਦੱਸਿਆ ਕਿ ਇਸ ਤਰਾਂ ਦੀ ਪਾਬੰਦੀ ਜਿੱਥੇ ਤੂੜੀ ਦੀ ਮਾਤਰਾ ਵਿੱਚ ਕਮੀ ਕਰੇਗੀ , ਉੱਥੇ ਅਗਲੀ ਨਰਮੇ ਦੀ ਬਿਜਾਈ ਨੂੰ ਵੀ ਪਛੇਤਾ ਕਰੇਗੀ। ਗਰਮੀ ਵਧ ਜਾਣ ਕਾਰਨ ਬਣਣੀ ਤੇਜ ਧੁੱਪ ਲੇਟ ਬਿਜਾਈ ਵਾਲੇ ਨਰਮੇ ਨੂੰ ਮਚਾ ਦਿੰਦੀ ਹੈ। ਉਨਾਂ ਕਿਹਾ ਕਿ ਇਸ ਸਮੇ ਕਰੋਨਾ ਮਹਾਮਾਰੀ ਕਾਰਨ ਪੰਜਾਬ ਵਿੱਚ ਬਾਹਰੋਂ ਲੇਬਰ ਨਾਂ ਆਉਣ ਕਰਕੇ ਝੋਨਾ ਲਵਾਈ ਲਈ ਲੇਬਰ ਦੀ ਕਿੱਲਤ ਹੋਵੇਗੀ ਜਿਸ ਕਰਕੇ ਇਸ ਵਾਰ ਕਿਸਾਨਾਂ ਵੱਲੋਂ ਨਰਮੇ ਦੀ ਵੱਧ ਬਿਜਾਈ ਕਰਨ ਦੀ ਸੰਭਾਵਨਾ ਹੈ।
ਜੋਗਾ ਨੇ ਸਰਕਾਰ ਉਤੇ ਜੋਰ ਦਿੱਤਾ ਕਿ ਨਰਮੇ ਦੇ ਬੀਜਾਂ ਅਤੇ ਲੋੜੀਂਦੀ ਖਾਦ ਦੇ ਯੋਗ ਤੇ ਅਗਾਊ ਪ੍ਰਬੰਧ ਕੀਤੇ ਜਾਣ ਤਾਕਿ ਵਪਾਰੀ ਵਰਗ ਕਰੋਨਾ ਦੇ ਬਹਾਨੇ, ਵੇਲੇ ਉਤੇ ਆਕੇ ਮਸਨੂਈ ਕਿੱਲਤ ਪੈਦਾ ਨਾ ਕਰ ਸਕੇ । ਇਸ ਤਰਾਂ ਬੀਜਾਂ ਅਤੇ ਖਾਦ ਦੇ ਭਾਅ ਵਧਾਕੇ ਕਿਸਾਨਾ ਨੂੰ ਹੋਣ ਵਾਲੀ ਲੁੱਟ ਦੀ ਸੰਭਾਵਨਾ ਤੋਂ ਬਚਾਇਆ ਜਾਣਾ ਜਰੂਰੀ ਹੈ। ਕਿਸਾਨ ਸਭਾ ਨੇ ਸੁਝਾਅ ਦਿੱਤਾ ਹੈ ਕਿ ਸਰਕਾਰ ਵੱਲੋਂ ਤਹਿ ਸ ਰੇਟਾਂ ਉਤੇ ਸੈਲਰ ਮਾਲਕਾਂ ਨੂੰ ਕਿਸਾਨਾ ਦੀ ਸਿੱਧੇ ਤੌਰ ਉਤੇ ਕਣਕ ਖਰੀਦਣ ਲਈ ਕਿਹਾ ਜਾਵੇ, ਇਸ ਨਾਲ ਕਿਸਾਨਾ ਦੀ ਫਸਲ ਦੀ ਸ਼ੈਲਰਾਂ ਵਿੱਚ ਸਿੱਧੀ ਉਤਰਾਈ ਹੋਣ ਨਾਲ ਦਾਣਾ ਮੰਡੀਆਂ ਵਿੱਚ ਭੀੜ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ। ਸੀ ਜੋਗਾ ਨੇ ਨਰਮੇ ਦੀ ਵੱਧ ਬਿਜਾਈ ਹੋਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਨਹਿਰ ਬੰਦੀਆਂ ਵੀ ਚੁੱਕਣ ਦੀ ਮੰਗ ਕੀਤੀ।