ਕਿਹਾ, ਕਿਸਾਨ ਪੰਜਾਬ ਦੀ ਰੀੜ੍ਹ ਦੀ ਹੱਡੀ ਹਨ, ਉਨ੍ਹਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ
ਐਸ.ਏ.ਐਸ. ਨਗਰ, 15 ਅਪ੍ਰੈਲ 2020: "ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੀ ਅਨਾਜ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਮੇਸ਼ਾਂ ਵੱਡਾ ਯੋਗਦਾਨ ਪਾਇਆ ਹੈ ਅਤੇ ਕਿਸਾਨ ਸੂਬੇ ਦੇ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਰਹੇ ਹਨ।" ਇਹ ਪ੍ਰਗਟਾਵਾ ਅੱਜ ਇੱਥੇ ਅਨਾਜ ਮੰਡੀ ਖਰੜ ਵਿਖੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਵਿਧਾਇਕ ਮੁਹਾਲੀ ਸ. ਬਲਬੀਰ ਸਿੰਘ ਸਿੱਧੂ ਨੇ ਕਣਕ ਦੇ ਖਰੀਦ ਸੀਜ਼ਨ ਦੀ ਸ਼ੁਰੂਆਤ ਮੌਕੇ ਕੀਤਾ।
ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਇਹ ਯਕੀਨੀ ਬਣਾਏਗੀ ਕਿ ਕਿਸਾਨ ਭਾਈਚਾਰੇ ਨੂੰ ਉਨ੍ਹਾਂ ਦੀ ਫਸਲ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਕਿਸਾਨਾਂ ਦੇ ਦਾਣੇ-ਦਾਣੇ ਦੀ ਖਰੀਦ ਲਈ ਲੋੜੀਂਦੇ ਯਤਨ ਕੀਤੇ ਜਾਣਗੇ ਅਤੇ ਲੋੜੀਂਦੀ ਤੇ ਜਲਦ ਅਦਾਇਗੀ ਨੂੰ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਕੋਰੋਨਾ ਵਾਇਰਸ ਬਿਮਾਰੀ ਨੂੰ ਧਿਆਨ ਵਿੱਚ ਰੱਖਦਿਆਂ ਮਜ਼ਦੂਰਾਂ ਤੋਂ ਇਲਾਵਾ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਸਮਾਜਿਕ ਦੂਰੀਆਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਨ ਅਤੇ ਮਾਸਕ ਪਹਿਨਣ ਵਰਗੀਆਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਅਪਨਾਉਣ ਲਈ ਵੀ ਕਿਹਾ।
ਇਸ ਮੌਕੇ ਹਾਜ਼ਰ ਹੋਰ ਪਤਵੰਤਿਆਂ ਵਿੱਚ ਸਕੱਤਰ, ਖੇਤੀਬਾੜੀ ਸ੍ਰੀ ਕਾਹਨ ਸਿੰਘ ਪੰਨੂੰ, ਐਸਡੀਐਮ ਖਰੜ ਸ੍ਰੀ ਹਿਮਾਂਸ਼ੂ ਜੈਨ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਚੇਅਰਮੈਨ ਮਾਰਕੀਟ ਕਮੇਟੀ, ਖਰੜ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਮਾਰਕੀਟ ਕਮੇਟੀ ਦੇ ਵਾਈਸ ਚੇਅਰਮੈਨ ਸੁਖਜੀਤ ਸਿੰਘ, ਸੈਕਟਰੀ ਮਾਰਕੀਟ ਕਮੇਟੀ ਅਰਚਨਾ ਬਾਂਸਲ, ਕਾਂਗਰਸ ਆਗੂ ਸ੍ਰੀ ਕਮਲ ਕਿਸ਼ੋਰ ਸ਼ਰਮਾ ਅਤੇ ਡੀਐਸਪੀ ਪਾਲ ਸਿੰਘ ਸ਼ਾਮਲ ਸਨ।