ਹਰੀਸ ਕਾਲੜਾ
- 15 ਅਪ੍ਰੈਲ ਤੋਂ 30 ਮਈ ਤੱਕ ਚੱਲੇਗਾ ਕਣਕ ਦੀ ਖਰੀਦ ਦਾ ਸੀਜ਼ਨ
- ਸ੍ਰੀ ਅਨੰਦਪੁਰ ਸਾਹਿਬ ਸਬ-ਡਵੀਜ਼ਨ ਵਿੱਚ ਵੀ ਕਣਕ ਦੀ ਖਰੀਦ ਦੀਆਂ ਤਿਆਰੀਆਂ ਮੁਕੰਮਲ
ਸ੍ਰੀ ਅਨੰਦਪੁਰ ਸਾਹਿਬ, 17 ਅਪ੍ਰੈਲ 2020 - ਕੋਰੋਨਾ ਵਾਇਰਸ ਦੇ ਕਰਫਿਊ ਦੌਰਾਨ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਪੂਰੇ ਯੋਜਨਾਬੱਧ ਢੰਗ ਨਾਲ ਕੀਤੀ ਜਾਵੇਗੀ ਅਤੇ ਕਣਕ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ। ਪ੍ਰਸ਼ਾਸਨ ਵਲੋਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ।
ਕਣਕ ਦੀ ਖਰੀਦ ਦੀਆਂ ਤਿਆਰੀਆਂ ਬਾਰੇ ਗੱਲ ਕਰਦਿਆਂ ਐੱਸ.ਡੀ.ਐੱਮ. ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂ ਗਰਗ ਨੇ ਦੱਸਿਆ ਕਿ ਕਣਕ ਦੀ ਸਰਕਾਰੀ ਖਰੀਦ 15 ਅਪ੍ਰੈਲ ਤੋਂ ਸ਼ੁਰੂ ਹੋ ਗਈ ਹੈ ਜੋ ਕਿ 30 ਮਈ 2020 ਤਕ ਚੱਲੇਗੀ। ਉਨ੍ਹਾਂ ਦੱਸਿਆ ਕਿ ਕਣਕ ਦੀ ਖਰੀਦ ਲਈ ਆੜ੍ਹਤੀਆਂ ਨੂੰ ਮੰਡੀ ਬੋਰਡ ਵਲੋਂ ਹੋਲੋਗ੍ਰਾਮ ਲੱਗੇ ਮਿਤੀਬੱਧ ਪਾਸ ਜਾਰੀ ਕੀਤੇ ਜਾ ਰਹੇ ਹਨ। ਇਹ ਪਾਸ ਮੰਡੀ ਬੋਰਡ ਵਲੋਂ ਆੜਤੀਆਂ ਨੂੰ 72 ਘੰਟੇ ਪਹਿਲਾਂ ਜਾਰੀ ਕੀਤੇ ਜਾਣਗੇ। ਹੋਲੋਗ੍ਰਾਮ ਲੱਗਿਆ ਹੋਇਆ ਪਾਸ ਆੜਤੀਆ ਆਪਣੇ ਜਿਮੀਦਾਰਾਂ ਨੂੰ ਦੇਵੇਗਾ ਜੋ ਕਿ ਇਕ ਟਰਾਲੀ ਦੀ ਜਿਣਸ ਲਈ ਹੋਵੇਗਾ। ਇਹ ਇਕ ਪਾਸ ਇਕ ਟਰਾਲੀ ਲਈ ਹੀ ਹੋਵੇਗਾ।
ਕਿਸਾਨ ਪਾਸ ਜਾਰੀ ਹੋਣ ਉਪਰੰਤ ਉਸਨੂੰ ਉਸ ਦੇ ਦਿੱਤੇ ਹੋਏ ਮੋਬਾਇਲ ਨੰਬਰ 'ਤੇ ਸਿਸਟਮ ਰਾਹੀ ਮੈਸੇਜ ਦੇ ਕੇ ਸੂਚਿਤ ਕੀਤਾ ਜਾਵੇਗਾ। ਇਸ ਪਾਸ ਨੂੰ ਕਿਸਾਨਾਂ ਤਕ ਪੁਹੰਚਾਉਣ ਦੀ ਜਿੰਮੇਵਾਰੀ ਸਬੰਧਿਤ ਆੜਤੀਏ ਦੀ ਹੋਵੇਗੀ। ਜਿਸ ਜਿਮੀਦਾਰ ਵੀ ਕੋਲ ਇਕ ਤੋਂ ਵੱਧ ਟਰਾਲੀਆਂ ਹਨ, ਉਸ ਨੂੰ ਓਨੇ ਹੀ ਪਾਸ ਜਾਰੀ ਕੀਤੇ ਜਾਣਗੇ। ਜਿਮੀਂਦਾਰ ਟਰਾਲੀ ਲਿਆਂਉਦੇ ਹੋਏ ਪਾਸ ਅਤੇ ਮੋਬਾਇਲ ਨੰਬਰ ਜਿਸ ਤੇ ਮੈਸੇਜ ਆਇਆ ਹੈ ਉਸਨੂੰ ਆਪਣੇ ਨਾਲ ਲਿਆਉਣਾ ਯਕੀਨੀ ਬਣਾਉਣਗੇ। ਪਾਸ ਉਪਰ ਜਿਹੜੀ ਮਿਤੀ ਦਰਸਾਈ ਹੋਵੇਗੀ, ਜਿਮੀਦਾਰ ਉਸੇ ਮਿਥੀ ਮਿਤੀ ਨੂੰ ਆਪਣੀ ਜਿਣਸ ਮੰਡੀ ਵਿਚ ਲੈ ਕੇ ਆਵੇਗਾ। ਜੇ ਕਿਸੇ ਕਿਸਾਨ ਵੀਰ ਦੇ ਪਾਸ ਦੀ ਮਿਤੀ ਲੰਘ ਜਾਂਦੀ ਹੈ ਤਾਂ ਉਸਨੂੰ ਮੁੜ ਤੋਂ ਨਵਾਂ ਪਾਸ ਜਾਰੀ ਕੀਤਾ ਜਾਵੇਗਾ।
ਐੱਸ.ਡੀ.ਐੱਮ. ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਜਿਨਸ ਸੁਕਾ ਕੇ ਹੀ ਮੰਡੀਆਂ ਵਿਚ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੰਡੀ ਵਿਚ ਲਿਜਾਈ ਜਾ ਰਹੀ ਕਣਕ ਨਿਸ਼ਚਿਤ ਕੀਤੀ ਥਾਂ ਉੱਪਰ ਹੀ ਉਤਾਰੀ ਜਾਵੇ। ਕਰੋਨਾ ਮਹਾਂਮਾਰੀ ਤੋਂ ਬਚਣ ਲਈ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਇਕ ਟਰਾਲੀ ਮਗਰ ਇਕ ਬੰਦਾ ਹੀ ਮੰਡੀ ਵਿੱਚ ਆਵੇਗਾ। ਮੰਡੀ ਵਿਚ ਪਰਵੇਸ਼ ਕਰਨ ਤੋਂ ਪਹਿਲਾਂ ਕਿਸਾਨ ਤੇ ਮੰਡੀ ਬੋਰਡ ਜਾ ਮੁਲਾਜ਼ਮ ਪਾਸ ਪ੍ਰਾਪਤ ਕਰਨ ਉਪਰੰਤ ਉਸਨੂੰ ਰਜਿਸਟਰ ਵਿਚ ਦਰਜ ਕਰੇਗਾ। ਮੰਡੀ ਵਿਚ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਆਪਸੀ ਬਣਦੀ ਦੂਰੀ ਬਣਾਏ ਰੱਖਣ ਤਾਂ ਜੋ ਕਰੋਨਾ ਵਰਗੀ ਮਹਾਂਮਾਰੀ ਤੋਂ ਬਚਿਆ ਜਾ ਸਕੇ। ਮਾਸਕ ਜਰੂਰ ਪਹਿਨਆ ਜਾਵੇ ਭਾਵੇਂ ਉਹ ਕਿਸੇ ਕੱਪੜੇ ਦਾ ਹੀ ਬਣਿਆ ਹੋਵੇ।
ਐੱਸ.ਡੀ.ਐੱਮ. ਨੇ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਅਤੇ ਕਣਕ ਦੀ ਖਰੀਦ ਸਬੰਧੀ ਮੁਸ਼ਕਿਲਾਂ ਦੇ ਹੱਲ ਲਈ ਰੂਪਨਗਰ ਵਿਖੇ ਕੰਟਰੋਲ ਰੂਮ ਬਣਾਇਆ ਗਿਆ ਹੈ ਜਿਸਦਾ ਨੰਬਰ 01881-220669 ਹੈ। ਜਿਸ ਉਪਰ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਕੰਟਰੋਲ ਰੂਮ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਕੰਮ ਕਰੇਗਾ। ਇਸ ਤੋਂ ਇਲਾਵਾઠ ਪੰਜਾਬ ਮੰਡੀ ਬੋਰਡ, ਚੰਡੀਗੜ ਵਿਖੇ ਕੰਟਰੋਲ ਰੂਮ ਦੇ ਨੰਬਰ 0172-5101619 ਤੇ ਵੀ ਕਣਕ ਦੀ ਖਰੀਦ ਸਬੰਧੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।