ਫਿਰੋਜ਼ਪੁਰ, 15 ਅਪ੍ਰੈਲ 2020 : ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਚਰਨ ਸਿੰਘ ਭੁੱਲਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਕਣਕ ਦੀ ਫਸਲ ਦੀ ਕਟਾਈ ਅਤੇ ਖਰੀਦ ਕਰਨ ਵਿਚ ਬੜੀ ਵੱਡੀ ਮੁਸ਼ਕਲ ਆ ਰਹੀ ਹੈ ਅਤੇ ਕਣਕ ਦੀ ਫਸਲ ਮੰਡੀਆਂ ਵਿਚ ਖਰੀਦ ਕਰਨ ਸਬੰਧੀ ਆੜ੍ਹਤੀਆਂ ਨੂੰ ਪੰਜ ਪੰਜ ਪਾਸ ਦਿੱਤੇ ਜਾ ਰਹੇ ਹਨ ਜੋ ਕਿ ਬਹੁਤ ਘੱਟ ਹਨ, ਜਿਸ ਨਾਲ ਹਰ ਕਿਸਾਨ ਨੇ ਆੜ੍ਹਤੀਏ ਨੂੰ ਕਹਿਣਾ ਹੈ ਕਿ ਪਹਿਲਾ ਮੇਰੀ ਕਣਕ ਤੋਲੀ ਜਾਵੇ ਜਿਸ ਨਾਲ ਆੜ੍ਹਤੀਆਂ ਤੇ ਕਿਸਾਨਾਂ ਵਿਚ ਤਣਾਅ ਪੈਦਾ ਹੋਵੇਗਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਉਸ ਦੀ ਪੱਕੀ ਹੋਈ ਫਸਲ ਜਲਦੀ ਸਾਂਭੀ ਜਾਵੇ ਅਤੇ ਜਿਸ ਤਰ੍ਹਾਂ ਆੜ੍ਹਤੀਆਂ ਕੋਲ 80 ਗ੍ਰਾਹਕ ਹਨ ਤੇ ਉਹ ਪਹਿਲਾ ਕਿਸ ਦੀ ਕਣਕ ਤੋਲੇਗਾ। ਇਸ ਤਰ੍ਹਾਂ ਭ੍ਰਿਸ਼ਟਾਚਾਰ ਵੀ ਵੱਧਣ ਦੀ ਸ਼ੰਕਾ, ਆਪ ਵੱਲੋਂ ਕਣਥ ਦੀ ਖਰੀਦ ਵਾਸਤੇ ਕਈ ਸ਼ੈਲਰ ਵੀ ਅਲਾਟ ਕੀਤੇ ਹੋਏ ਹਨ, ਪਰ ਕਿਸਾਨਾਂ ਨੂੰ ਕਣਕ ਪਿੰਡਾਂ ਵਿਚੋਂ ਲਿਆਉਣੀ ਔਖੀ ਹੋ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਕੁਝ ਲੋਕ ਕਣਕ ਦੀ ਜਮਾਖੋਰੀ ਵੀ ਕਰਨਗੇ। ਜੇਕਰ ਆੜ੍ਹਤੀਆਂ ਨੂੰ ਬਾਰਦਾਨਾ ਦਿੱਤਾ ਜਾਵੇ ਤਾਂ ਉਹ ਕਿਸਾਨਾਂ ਦੀ ਕਣਕ ਘਰਾਂ ਵਿਚ ਵੀ ਤੋਲ ਸਕਦੇ ਹਨ ਅਤੇ ਆੜ੍ਹਤੀਆਂ ਰਾਹੀਂ ਸਰਕਾਰ ਕਣਕ ਨੂੰ ਜਿਥੇ ਵੀ ਸਟੋਰ ਕਰਨਾ ਹੋਵੇ, ਉਥੋਂ ਟਰੱਕਾਂ ਰਾਹੀਂ ਲਿਜਾ ਸਕਦੀ ਹੈ। ਜਿਸ ਨਾਲ ਸਰਕਾਰ ਨੂੰ ਵੀ ਸੌਖਾ ਹੋ ਜਾਵੇਗਾ ਅਤੇ ਲੋਕ ਜੋ ਧੜਾਧੜ ਮੰਡੀਆਂ ਨੂੰ ਭੱਜ ਰਹੇ ਹਨ ਉਨ੍ਹਾਂ ਦੀ ਜਗ੍ਹਾ ਆਪਣੇ ਘਰਾਂ ਵਿਚ ਹੀ ਕਣਕ ਤੋਲ ਕੇ ਆੜ੍ਹਤੀਏ ਦੇ ਸਪੁਰਦ ਕਰ ਸਕਦੇ ਹਨ ਅਤੇ ਆੜ੍ਹਤੀਆ ਸਰਕਾਰ ਦੇ ਹੁਕਮਾਂ ਅਨੁਸਾਰ ਕਣਕ ਸਰਕਾਰ ਦੇ ਕੋਲ ਭੇਜ ਸਕਦਾ ਹੈ। ਕਿਉਂਕਿ ਕਣਕ ਦੀ ਫਸਲ ਸਿਰਫ ਤਕਰੀਬਨ 10 ਦਿਨਾਂ ਵਿਚ ਖਤਮ ਹੋ ਜਾਂਦੀ ਹੈ, ਇਸ ਲਈ ਇਸ ਦਾ ਸਹੀ ਹੱਲ ਲੱਭਣ ਲਈ ਡਿਪਟੀ ਕਮਿਸ਼ਨਰ ਨੂੰ ਬੇਨਤੀ ਹੈ ਕਿ ਮਾਰਕੀਟ ਕਮੇਟੀਆਂ, ਆੜ੍ਹਤੀਆਂ ਅਤੇ ਕਿਸਾਨਾਂ ਨਾਲ ਮੀਟਿੰਗ ਕਰਕੇ ਸਾਰਥਿਕ ਹੱਲ ਲੱਭਿਆ ਜਾਵੇ ਜਿਸ ਨਾਲ ਕਿਸਾਨਾਂ ਦੀ ਖੱਜਲ ਖੁਆਰੀ ਘੱਟ ਹੋ ਸਕੇ ਤੇ ਮੰਡੀਆਂ ਵਿਚ ਜ਼ਿਆਦਾ ਭੀੜ ਵੀ ਨਾ ਹੋ ਸਕੇ ਅਤੇ ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਨਾ ਆ ਸਕਣ।