ਅਸ਼ੋਕ ਵਰਮਾ
ਬਠਿੰਡਾ, 30 ਅਪ੍ਰੈਲ 2020 - ਪੰਜਾਬ ਅੰਦਰ ਬੇਮੌਸਮੀ ਪਈ ਵਰਖਾ ਕਾਰਨ ਕਣਕ ਦੀ ਫਸਲ ਦੇ ਦਾਣਿਆਂ ਦੇ ਮਾਮੂਲੀ ਸੁੰਗੜਨ ਅਤੇ ਫਿੱਕੇ ਪੈਣ ਕਾਰਨ ਕੇਂਦਰ ਸਰਕਾਰ ਦੇ ਕੇਂਦਰੀ ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਵਲੋਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ ਵਿਚ ਕਟੌਤੀ ਕਰ ਕੇ ਕਣਕ ਖਰੀਦਣ ਦੀ ਨੀਤੀ ਲਾਗੂ ਕੀਤੀ ਹੈ, ਜੋ ਕਿ ਕਿਸਾਨਾਂ ਲਈ ਆਰਥਿਕ ਤੌਰ ‘ਤੇ ਘਾਤਕ ਹੋਵੇਗੀ।
ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਸੂਬਾ ਜਰਨਲ ਸਕੱਤਰ ਰਾਮਕਰਨ ਸਿੰਘ ਰਾਮਾ ਨੇ ਬਿਆਨ ਰਾਹੀਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਜੇਕਰ ਕਣਕ ਦਾ ਦਾਣਾ 6 ਤੋਂ 8 ਪ੍ਰਤੀਸ਼ੱਤ ਕੰਮਜੋਰ ਹੈ ਤਾਂ 4 ਰੁਪਏ 81 ਪੈਸੇ, ਜੇਕਰ ਕੰਮਜੋਰ ਦਾਣਾ 8 ਤੋਂ 10 ਪ੍ਰਤੀਸ਼ੱਤ ਹੈ ਤਾਂ 9 ਰੁਪਏ 62 ਪੈਸੇ, 10 ਤੋਂ 12 ਪ੍ਰਤੀਸ਼ੱਤ ਤੱਕ 14 ਰੁਪਏ 43 ਪੈਸੇ ਜੇਕਰ 12 ਤੋਂ 14 ਪ੍ਰਤੀਸ਼ੱਤ ਹੈ ਤਾਂ 19 ਰੁਪਏ 25 ਪੈਸੇ ਅਤੇ ਜੇਕਰ 14 ਤੋਂ 16 ਪ੍ਰਤੀਸ਼ੱਤ ਹੈ 24 ਰੁਪਏ 06 ਪੈਸੇ ਪ੍ਰਤੀ ਕੁਇੰਟਲ ਦੇ ਰੇਟ ਘੱਟ ਮਿਲੇਗਾ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖਰਾਬ ਹੋਈਆਂ ਕਣਕ ਦੀਆਂ ਫਸਲਾਂ ਦਾ ਮੁਆਵਜਾ ਤਾਂ ਕੀ ਦੇਣਾ ਸੀ, ਉਲਟਾ ਐੱਮ.ਐੱਸ.ਪੀ. ਦੀ ਕੀਮਤ ‘ਚ ਕਟੌਤੀ ਕੱਟ ਲਾ ਕੇ ਕਿਸਾਨਾਂ ‘ਤੇ ਵਾਧੂ ਬੋਝ ਪਾ ਦਿੱਤਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਲਗਾਏ ਕਟੌਤੀ ਕੱਟ ਨੂੰ ਵਾਪਸ ਲੈਣ ਦੀ ਕੀਤੀ ਅਪੀਲ ਦੀ ਵੀ ਯੂਨੀਅਨ ਸ਼ਲਾਘਾ ਕਰਦੀ ਹੈ।
ਉਨਾਂ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀ ਕਣਕ ਪੂਰੀ ਕੀਮਤ ‘ਤੇ ਖਰੀਦੀ ਜਾਵੇ ਅਤੇ ਲਗਾਏ ਕਟੌਤੀ ਕੱਟ ਨੂੰ ਤੁਰੰਤ ਵਾਪਸ ਲਿਆ ਜਾਵੇ, ਤਾਂ ਜੋ ਕਿਸਾਨਾਂ ‘ਤੇ ਕਿਸੇ ਕਿਸਮ ਦਾ ਕੋਈ ਬੋਝ ਨਾ ਪਵੇ। ਕਿਸਾਨ ਆਗੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮਸਲੇ ਦਾ ਹੱਲ ਨਾਂ ਕੀਤਾ ਤਾਂ ਉਸ ਨੂੰ ਤਿੱਖੇ ਰੋਹ ਦਾ ਸਾਹਮਣਾਂ ਕਰਨਾ ਪਵੇਗਾ।