ਜੀ ਐਸ ਪੰਨੂ
ਪਟਿਆਲਾ, 22 ਅਪ੍ਰੈਲ 2020 - ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਪੰਜਾਬ ਦੀ ਸੂਬਾ ਕਮੇਟੀ ਮੈਂਬਰਾਂ ਨੇ ਵਿਚਾਰ ਚਰਚਾ ਕਰਕੇ ਪੰਜਾਬ 'ਚ ਚੱਲ ਰਹੀ ਕਣਕ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕਣਕ ਦੇ ਮੰਡੀਕਰਨ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਸਰਕਾਰ ਦੀਆਂ ਸਾਰੀਆਂ ਸਕੀਮਾਂ ਅਤੇ ਮੰਡੀਕਰਣ ਦਾ ਢਾਂਚਾ ਥਰ-ਥਰਾ ਗਿਆ ਹੈ। ਉਹਨਾਂ ਵੱਲੋਂ ਪੰਜਾਬ ਦੀਆਂ ਮੰਡੀਆਂ ਤੋਂ ਇਕੱਠੀਆਂ ਕੀਤੀਆਂ ਰਿਪੋਰਟਾਂ ਅਨੁਸਾਰ ਆਗੂਆਂ ਨੇ ਦੱਸਿਆ ਕਿ ਉਹਨਾਂ ਨੇ ਖੁੱਦ ਦੌਰਾ ਕਰਕੇ ਵੇਖਿਆ ਕਿ ਕਣਕ ਦੀਆਂ ਢੇਰੀਆਂ ਬਿਨਾਂ ਤਰਪਾਲਾਂ ਤੋਂ ਬਾਰਸ਼ 'ਚ ਪਈਆਂ ਭਿੱਜ ਰਹੀਆਂ ਸਨ, ਪਟਿਆਲਾ ਮੰਡੀ 'ਚ ਯੂਨੀਅਨ ਨੂੰ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੂੰ 1-1 ਜਾਂ 2-2 ਰਾਤਾਂ ਵੀ ਮੰਡੀ 'ਚ ਕੱਟਣੀਆਂ ਪੈ ਰਹੀਆਂ ਹਨ। ਪਾਸ ਦੇਣ ਦੇ ਬਹਾਨੇ ਆਮ ਕਿਸਾਨਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਇਹ ਜਾਣਕਾਰੀ ਵੀ ਦਿੱਤੀ ਕਿ ਪੂਰੇ ਪੰਜਾਬ 'ਚ ਜਿਥੇ ਵੀ ਬੇਮੌਸਮੀ ਬਾਰਸ਼, ਝੱਖੜ੍ਹ ਅਤੇ ਗੜ੍ਹੇਮਾਰੀ ਹੋਈ ਹੈ ਕਣਕ ਦਾ ਝਾੜ੍ਹ ਵੀ 1 ਤੋਂ 3 ਕੁਇੰਟਲ ਪ੍ਰਤੀ ਏਕੜ ਘੱਟ ਗਿਆ ਹੈ ਜਿਸ ਕਰਕੇ ਕਿਸਾਨ ਹੈਰਾਨਗੀ ਦੇ ਨਾਲ ਨਾਲ ਹੋਰ ਵੀ ਵੱਧ ਪ੍ਰੇਸ਼ਾਨ ਹਨ।
ਕੱਲ੍ਹ ਹੀ ਪਟਿਆਲਾ, ਫਤਿਹਗੜ੍ਹ ਜਿਲ੍ਹਿਆਂ ਦੀਆਂ ਮੰਡੀਆਂ 'ਚ ਅਤੇ ਭਾਦਸੋਂ ਅਤੇ ਲੌਟ ਮੰਡੀ ਦੇ ਵਿੱਚ ਕਣਕ ਇਸ ਬਹਾਨੇ ਥੱਲੇ ਨਹੀਂ ਗਈ ਤਾਂ ਖਰੀਦੀ ਨਹੀਂ ਗਈ ਕਿ ਕਣਕ ਵਿੱਚ ਸਿੱਲ੍ਹ ਵੱਧ ਹੈ ਜਾਂ ਕਣਕ ਦੀ ਕੁਆਲਿਟੀ ਠੀਕ ਨਹੀਂ ਭਾਵ ਮਾਜੂ (ਕਮਜ਼ੋਰ) ਦਾਣੇ ਜਿਆਦਾ ਹਨ। ਜਦੋਂ ਕਿ ਬੇਮੌਸਮੇ ਮੀਂਹ ਪੈਣ ਕਰਕੇ ਸੰਭਵ ਹੀ ਸੀ ਕਿ ਸਿੱਲ੍ਹ ਕਣਕ ਚ ਕੁਝ ਵੱਧ ਰਹਿਣੀ ਹੈ ਅਤੇ ਮਾਰਚ ਦੇ ਮਹੀਨੇ ਵਿੱਚ ਜਦੋਂ ਦਾਣਾ ਬਣ ਰਿਹਾ ਸੀ ਉਦੋਂ ਹੋਈਆਂ ਬਾਰਸ਼ਾਂ ਦੇ ਵਿੱਚ ਦਾਣੇ ਕਮਜ਼ੋਰ ਹੋਣੇ ਹੀ ਸਨ ਤਾਂ ਹੁਣ ਕਿਸਾਨ ਉਹਨਾਂ ਦਾਣਿਆਂ ਦਾ ਜਾਂ ਕਣਕ ਕੀ ਕਰਦਾ? ਕਿਥੇ ਜਾ ਕੇ ਵੇਚਦਾ? ਇਸੇ ਲਈ ਅਸੀਂ ਮੰਗ ਕਰਦੇ ਹਾਂ ਕਿ ਕਰੋਨਾਂ ਅਤੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਨਮੀ ਅਤੇ ਮਾਜੂ ਅਤੇ ਕਮਜ਼ੋਰ ਦਾਣੇ ਦੀ ਸ਼ਰਤ ਖਤਮ ਕੀਤੀ ਜਾਵੇ।
ਆਗੂਆਂ ਨੇ ਅੱਗੇ ਦੱਸਿਆ ਕਿ ਆਮ ਤੌਰ ਤੇ ਮੰਡੀਆਂ ਦੇ ਵਿੱਚ ਫੂਡ ਏਜੰਸੀ ਦੇ ਇੰਸਪੈਕਟਰ 2.00 ਵਜੋਂ ਪਹਿਲਾਂ ਬੋਲੀ ਕਰਨ ਵਾਸਤੇ ਪਹੁੰਚਦੇ ਹੀ ਨਹੀਂ। ਜਦੋਂ ਕਿ ਚਾਹੀਦਾ ਤਾਂ ਇਹ ਹੈ ਕਿ ਇੰਸਪੈਕਟਰ ਸਾਰਾ ਦਿਨ ਮੰਡੀ ਚ ਰਹਿਣ ਜਦੋਂ ਵੀ ਕੋਈ ਕਿਸਾਨ ਕਣਕ ਦੀ ਟਰਾਲੀ ਢੇਰੀ ਕਰ ਦਿੰਦਾ ਹੈ ਉਸੇ ਵੇਲੇ ਉਸ ਦੀ ਕਣਕ ਇੰਸਪੈਕਰ ਨੋਟ ਕਰ ਲਵੇ ਅਤੇ ਬੋਲੀ ਲਾ ਦੇਵੇ ਅਤੇ ਕਿਸਾਨ ਵਾਪਸ ਜਾਂਦਾ ਲੱਗੇ।
ਕਈ ਮੰਡੀਆਂ ਵਿੱਚ ਪੁਲਿਸ ਦੇ ਕਰਮਚਾਰੀਆਂ ਦੇ ਨਾਲ ਨਾਲ ਮਾਰਕੀਟ ਕਮੇਟੀਆਂ ਦੇ ਕਰਮਚਾਰੀ ਮੰਡੀਆਂ ਦੇ ਗੇਟ ਤੇ ਖੜ੍ਹ ਕੇ ਉੱਥੇ ਹੀ ਨਮੀਂ ਵਾਲਾ ਮੀਟਰ ਲਾ ਕੇ ਉੱਥੋਂ ਹੀ ਕਣਕ ਦੀਆਂ ਟਰਾਲੀਆਂ ਵਾਪਸ ਲੈ ਕੇ ਜਾਣ ਲਈ ਕਹਿ ਦਿੰਦੇ ਹਨ ਅਤੇ ਉਦੋਂ ਹੀ ਕਿਸਾਨ ਦੀ ਟਰਾਲੀ ਦੇ ਵਿੱਚੋਂ ਕਿੱਲੋ ਜਾਂ ਦੋ ਕਿੱਲੋ ਕਣਕ ਇਕੱਠੀ ਕਰਕੇ ਉਹਨੂੰ ਜਮ੍ਹਾਂ ਕਰੀ ਜਾਂਦੇ ਹਨ ਅਤੇ ਸ਼ਾਮ ਤੱਕ ਡੇਢ ਦੋ ਕੁਇੰਟਲ ਤੋਂ ਵੱਧ ਕਣਕ ਇਕੱਠੀ ਕਰ ਲੈਂਦੇ ਹਨ। ਪਟਿਆਲਾ ਮੰਡੀ ਵਿੱਚ ਇਸ ਨੂੰ ਕੱਲ੍ਹ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਪਟਿਆਲਾ ਜ਼ਿਲ੍ਹੇ ਦੀ ਟੀਮ ਨੇ ਮੰਡੀ ਦੇ ਗੇਟ ਤੇ ਰੰਗੇ ਹੱਥੀਂ ਫੜ ਲਿਆ ਅਤੇ ਫੇਰ ਉਹਨਾਂ ਨੂੰ ਕਣਕ ਦੇ ਬਦਲੇ ਇਹੀ ਹਰਜਾਨਾ ਲਾਇਆ ਕਿ ਪਿਛਲੇ 7-8 ਦਿਨਾਂ ਦੀ ਜੋ ਤੁਸੀਂ ਕਣਕ ਇਕੱਠੀ ਕੀਤੀ ਹੈ ਉਸ ਦੇ ਪੈਸੇ ਕਿਸੇ ਲੰਗਰ ਚ ਪਾ ਦੇਵੋ। ਮਾਰਕੀਟ ਕਮੇਟੀ ਦੇ ਸੈਕਟਰੀ ਨੇ ਇਸ ਚੋਰੀ ਨੂੰ ਬੰਦ ਕਰਵਾਉਣ ਦਾ ਯਕੀਨ ਦੁਆਇਆ।
ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਬਾਕੀ ਪੰਜਾਬ ਦੀਆਂ ਨੌਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਪਹਿਲਾਂ ਹੀ ਮੁੱਖ ਮੰਤਰੀ ਨੂੰ ਚਿੱਠੀਆਂ ਦੇ ਰੂਪ'ਚ ਉਪਰੋਥਲੀ ਦੋ ਮੰਗ ਪੱਤਰ ਭੇਜੇ ਹਨ। ਜਿਹਨਾਂ ਵਿਚ ਮੌਸਮ ਨਾਲ ਹੋਏ ਨੁਕਸਾਨ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਮੰਗਿਆ ਗਿਆ ਹੈ, ਗੜੇਮਾਰੀ, ਝੱਖੜ ਅਤੇ ਮੀਂਹ ਕਰਕੇ ਫ਼ਸਲਾਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਕੇ ਫੌਰੀ ਮੁਆਵਜ਼ਾ ਮੰਗਿਆ ਗਿਆ ਹੈ ਅਤੇ ਨਾਲ ਹੀ ਕਿਉਂਕਿ ਕਰੋਨਾ ਮਹਾਂਮਾਰੀ ਦੀਆਂ ਔਖੀਆਂ ਘੜੀਆਂ ਵਿੱਚ ਕਿਸਾਨਾਂ ਨੂੰ ਬਹੁਤ ਨੁਕਸਾਨ ਉਠਉਣਾ ਪੈ ਰਿਹਾ ਹੈ, ਉਨ੍ਹਾਂ ਦੀਆਂ ਫਸਲਾਂ ਦਾ ਖਾਸ ਕਰਕੇ ਕਣਕ ਦਾ ਪ੍ਰਤੀ ਏਕੜ ਝਾੜ, ਗੜ੍ਹੇ, ਮੀਂਹ ਅਤੇ ਝੱਖੜ ਕਰਕੇ ਬਹੁਤ ਘੱਟ ਗਿਆ ਹੈ ਇਸ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਕੋਈ ਆਰਥਿਕ ਰਾਹਤ ਦੇਣ ਦੇ ਨਾਲ ਨਾਲ ਉਨ੍ਹਾਂ ਦੇ ਇਸ ਛਮਾਹੀ ਦੇ ਸਾਰੇ ਕਰਜ਼ੇ ਸਮੇਤ ਵਿਆਜ ਰੱਦ ਕਰ ਦੇਣ। ਇਸ ਮੋਕੇ
ਡਾ: ਦਰਸ਼ਨ ਪਾਲ, ਗੁਰਮੀਤ ਸਿੰਘ ਦਿੱਤੂਪੁਰ, ਪਟਿਆਲਾ; ਅਵਤਾਰ ਸਿੰਘ ਮਹਿੰਮਾਂ, ਫਿਰੋਜ਼ਪੁਰ; ਹਰਭਜਨ ਸਿੰਘ ਬੁੱਟਰ, ਪਾਤੜਾਂ; ਭਜਨ ਸਿੰਘ, ਘੁੰਮਣ ਕਲਾਂ ਮਾਨਸਾ; ਰੇਸ਼ਮ ਸਿੰਘ ਮਿੱਡਾ ਫ਼ਾਜ਼ਿਲਕਾ ਅਤੇ ਗੁਰਮੀਤ ਸਿੰਘ ਫਿਰੋਜ਼ਪੁਰ ਸਨ।