ਮਨਿੰਦਰਜੀਤ ਸਿੱਧੂ
- ਪੁਲਿਸ ਕਰਮੀਆਂ ਦੁਆਰਾ ਮੰਡੀ ਵਿੱਚ ਨਹੀਂ ਕਰਵਾਈ ਜਾ ਰਹੀ ਸੋਸ਼ਲ ਡਿਸਟੈਂਸਿੰਗ ਲਾਗੂ
ਜੈਤੋ, 23 ਅਪ੍ਰੈਲ 2020 - ਜੈਤੋ ਦੀ ਦਾਣਾ ਮੰਡੀ ਵਿਖੇ ਕਣਕ ਲਿਫਟਿੰਗ ਦੀ ਧੀਮੀ ਰਫ਼ਤਾਰ ਨੇ ਕਿਸਾਨਾਂ ਨੂੰ ਮੰਡੀ ਵਿੱਚ ਰੁਲਣ ਤੇ ਮਜ਼ਬੂਰ ਕੀਤਾ ਹੋਇਆ ਹੈ। ਕੈਪਟਨ ਸਰਕਾਰ ਦੁਆਰਾ ਪੁਖਤਾ ਪ੍ਰਬੰਧਾਂ ਦੇ ਦਾਅਵੇ ਤਾਂ ਬਹੁਤ ਕੀਤੇ ਗਏ ਸਨ, ਪਰ ਮੰਡੀਆਂ ਵਿੱਚ ਜਮੀਨੀਂ ਪੱਧਰ ਤੇ ਉੱਪਰ ਤਸਵੀਰ ਕੁੱਝ ਹੋਰ ਹੀ ਦੇਖਣ ਨੂੰ ਮਿਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵਾਰ ਵਾਰ ਜੋਰ ਦੇਕੇ ਕਿਹਾ ਜਾ ਰਿਹਾ ਸੀ ਕਿ ਜੋ ਕਿਸਾਨ ਸਵੇਰੇ ਮੰਡੀ ਵਿੱਚ ਫ਼ਸਲ ਲੈਕੇ ਆਵੇਗਾ ਉਸਨੂੰ ਹਰ ਹਾਲਤ ਵਿੱਚ ਸ਼ਾਮ ਤੱਕ ਵਿਹਲਾ ਕਰਕੇ ਵਾਪਿਸ ਭੇਜ ਦਿੱਤਾ ਜਾਵੇਗਾ, ਪਰ ਹਕੀਕਤ ਇਹ ਹੈ ਕਿ ਸਮੇਂ ਸਿਰ ਕਿਸਾਨਾਂ ਦੀ ਫਸਲ ਦੇ ਭਾਅ ਨਾ ਲੱਗਣ ਕਾਰਨ ਕਿਸਾਨਾਂ ਨੂੰ ਕਈ-ਕਈ ਦਿਨ ਆਪਣੇ ਫ਼ਸਲ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪੈ ਰਿਹਾ ਹੈ।
ਕੁੱਝ ਦਿਨ ਪਹਿਲਾਂ ਮਾਰਕਿਟ ਕਮੇਟੀ ਜੈਤੋ ਦੇ ਪ੍ਰਬੰਧਾਂ ਦੀ ਘਾਟ ਕਾਰਨ ਕਿਸਾਨਾਂ ਦੀ ਫ਼ਸਲ ਮੀਂਹ ਵਿੱਚ ਭਿੱਜ ਗਈ ਸੀ ਜਿਸ ਕਾਰਨ ਕਣਕ ਦੀ ਨਮੀਂ ਵਧ ਗਈ ਅਤੇ ਖਰੀਦ ਏਜੰਸੀਆਂ ਨੇ ਫ਼ਸਲ ਦੀ ਨਮੀ ਘਟਣ ਤੱਕ ਫਸਲ ਖਰੀਦਣ ਤੋਂ ਕੋਰੀ ਨਾਂਹ ਕਰ ਦਿੱਤੀ। ਇਸ ਤਰ੍ਹਾਂ ਮਾਰਕਿਟ ਕਮੇਟੀ ਦੀ ਨਲਾਇਕੀ ਦਾ ਖਮਿਆਜਾ ਕਿਸਾਨ ਭੁਗਤ ਰਹੇ ਹਨ।
ਦਾਣਾ ਮੰਡੀ ਜੈਤੋ ਵਿਖੇ ਪੁਲਿਸ ਦੀ ਚੌਂਕੀ ਬਣਾਈ ਗਈ ਹੈ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕੋਵਿਡ-19 ਕੋਰੋਨਾ ਵਾਇਰਸ ਦੇ ਚਲਦਿਆਂ ਸ਼ੋਸਲ ਡਿਸਟੈਂਸਿੰਗ ਨੂੰ ਬਣਾਕੇ ਰੱਖਿਆ ਜਾਵੇ। ਪਰ ਦੇਖਣ ਵਿੱਚ ਇਹ ਆਇਆ ਹੈ ਕਿ ਪੁਲਿਸ ਕਰਮੀ ਸਾਰਾ ਦਿਨ ਆਪਣੀ ਚੌਂਕੀ ਵਿੱਚ ਬੈਠੇ ਰਹਿੰਦੇ ਹਨ ਉਹਨਾਂ ਵੱਲੋਂ ਮੰਡੀ ਵਿੱਚ ਕੋਈ ਵੀ ਗੇੜਾ ਨਹੀਂ ਮਾਰਿਆ ਜਾਂਦਾ ਜਿਸ ਕਾਰਨ ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਜੰਮ ਕੇ ਸੋਸਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਕੀ ਕਹਿੰਦੇ ਹਨ ਮਾਰਕਿਟ ਕਮੇਟੀ ਦੇ ਸਕੱਤਰ?
ਇਸ ਸਬੰਧੀ ਮਾਰਕਿਟ ਕਮੇਟੀ ਜੈਤੋ ਦੇ ਸਕੱਤਰ ਸਰਬਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਟਰੱਕਾਂ ਦੀ ਘਾਟ ਕਾਰਨ ਲਿਫ਼ਟਿੰਗ ਵਿੱਚ ਸਮੱਸਿਆ ਆ ਰਹੀ ਹੈ।