ਸ਼੍ਰੀ ਚਮਕੌਰ ਸਾਹਿਬ ਦਾਣਾ ਮੰਡੀ ਦਾ ਦੌਰਾ ਕਰਕੇ, ਖਰੀਦ ਪ੍ਰਬੰਧਾ ਦਾ ਵੀ ਲਿਆ ਜ਼ਾਇਜਾ
ਹਰੀਸ਼ ਕਾਲੜਾ
ਰੂਪਨਗਰ 13 ਅਪ੍ਰੈਲ 2020: ਮੰਡੀਆਂ ਵਿੱਚ ਦੀ ਕਣਕ ਲਿਫਟਿੰਗ ਨਾਲੋਂ ਨਾਲ ਕਰਨ ਦੇ ਲਈ ਟਰਾਂਸਪੋਰਟਿੰਗ ਦਾ ਯੋਜਨਾਬੰਦ ਤਰੀਕੇ ਨਾਲ ਪ੍ਰਬੰਧ ਕੀਤਾ ਜਾਵੇ।ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਦੇ ਅਨੁਸਾਰ ਲਿਫਟਿੰਗ ਦੇ ਲਈ ਟਰੱਕ ਰਿਜ਼ਰਵ ਵੀ ਰੱਖੇ ਜਾਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਟਰਾਂਸਪੋਰਟਰਜ਼ ਅਤੇ ਅਧਿਕਾਰੀਆਂ ਨਾਲ ਕਣਕ ਦੀ ਖਰੀਦ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜ਼ਾ ਲੈ ਰਹੇ ਸਨ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ(ਜ) ਸ਼੍ਰੀਮਤੀ ਦੀਪਸ਼ਿਖਾ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ਼੍ਰੀ ਮਨਕਮਲ ਸਿੰਘ ਚਾਹਲ , ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਸ਼੍ਰੀ ਸਤਵੀਰ ਸਿੰਘ ਮਾਵੀ ਅਤੇ ਜ਼ਿਲ੍ਹਾ ਮੰਡੀ ਅਫਸਰ ਸ਼੍ਰੀ ਅਜੈ ਪਾਲ ਸਿੰਘ ਬਰਾੜ ਵੀ ਮੌਜੂਦ ਸਨ। ਇਸ ਤੋਂ ਬਾਅਦ ਉਨ੍ਹਾਂ ਸ਼੍ਰੀ ਚਮਕੌਰ ਸਾਹਿਬ ਦਾਣਾ ਮੰਡੀ ਦਾ ਦੌਰਾ ਵੀ ਕੀਤਾ ਅਤੇ ਮੰਡੀ ਵਿੱਚ ਕੀਤੇ ਜਾ ਰਹੇ ਪ੍ਰਬੰਧਾਂ ਦਾ ਜ਼ਾਇਜਾ ਵੀ ਲਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 47 ਮੰਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਮੰਡੀਆਂ ਵਿੱਚ ਲੋਕਲ ਲੇਬਰ ਲਗਾਈ ਜਾਵੇ ਜੇਕਰ ਬਾਹਰਲੀ ਲੇਬਰ ਮੰਡੀਆਂ ਵਿੱਚ ਆਵੇਗੀ ਤਾਂ ਕਰਫਿਊ ਦੇ ਨਿਯਮਾਂ ਦਾ ਉਲੰਘਣ ਹੋਵੇਗਾ । ਉਨ੍ਹਾ ਨੇ ਕਿਹਾ ਕਿ ਮੰਡੀਆਂ ਵਿੱਚ ਕਾਮਿਆਂ ਦੇ ਲਈ ਮਾਸਕ , ਸਾਫ ਪਾਣੀ ਦਾ ਪ੍ਰਬੰਧ ਅਤੇ ਸੋਸ਼ਲ ਡਿਸਟੈਂਸ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਭਾਰਤ ਖੁਰਾਕ ਨਿਗਮ (ਐੱਫ.ਸੀ.ਆਈ.) ਵਲੋਂ ਨਿਧਾਰਿਤ ਕੀਤੇ ਗਏ 12 ਫ਼ੀਸਦੀ ਨਮੀ ਦੇ ਮਾਪਦੰਡ ਤੋਂ ਵੱਧ ਨਮੀ ਵਾਲੀ ਕਣਕ ਮੰਡੀਆਂ ਵਿਚ ਨਾ ਲਿਆਂਦੀ ਜਾਵੇ ਤਾਂ ਜੋ ਕਿਸਾਨਾਂ ਨੂੰ ਬੇਵਜ੍ਹਾ ਮੰਡੀਆਂ ਵਿਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਲਈ ਕਿਸਾਨ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਹਾਰਵੈਸਟਰ ਕੰਬਾਈਨਾਂ ਦੁਆਰਾ ਕਣਕ ਦੀ ਕਟਾਈ ਸਿਰਫ਼ ਦਿਨ ਦੇ ਸਮੇਂ ਦੌਰਾਨ ਸਵੇਰੇ 6:00 ਵਜੇ ਤੋਂ ਸ਼ਾਮ 7:00 ਵਜੇ ਤੱਕ ਸੀਮਤ ਰੱਖੀ ਗਈ ਹੈ ਅਤੇ ਰਾਤ ਦੇ ਸਮੇਂ ਦੌਰਾਨ ਸ਼ਾਮ 7:00 ਤੋਂ ਸਵੇਰੇ 6:00 ਵਜੇ ਤੱਕ ਕਟਾਈ ਕਰਨ ਤੇ ਪੂਰਨ ਪਾਬੰਦੀ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਆੜ੍ਹਤੀਆਂ ਵਲੋਂ ਹੀ ਕਿਸਾਨਾਂ ਨੂੰ ਵਿਸ਼ੇਸ਼ ਕੂਪਨ ਜਾਰੀ ਕੀਤੇ ਜਾਣਗੇ ਅਤੇ ਇਹੀ ਕੂਪਨ ਉਨ੍ਹਾਂ ਲਈ ਕਰਫ਼ਿਊ ਪਾਸ ਹੋਣਗੇ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਫਸਲ ਦੀ ਅਦਾਇਗੀ ਵੀ ਆੜ੍ਹਤੀਆਂ ਰਾਹੀਂ 48 ਘੰਟੇ ਅੰਦਰ ਹੋਵੇਗੀ। ਕਿਸਾਨਾਂ ਨੂੰ ਨਿਰਧਾਰਿਤ ਤਾਰੀਖ 'ਤੇ ਮੰਡੀ ਵਿਚ ਨਿਰਧਾਰਿਤ ਮਾਤਰਾ ਵਿਚ ਕਣਕ ਲੈ ਕੇ ਆਉਣਾ ਪਵੇਗਾ। ਇਸ ਬਾਰੇ ਕਿਸਾਨਾਂ ਨੂੰ ਕੂਪਨ ਦੇਣ ਸਮੇਂ ਤਾਰੀਖ ਵੀ ਆੜ੍ਹਤੀਏ ਹੀ ਦੇਣਗੇ। ਇਸ ਮੌਕੇ ਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਮੌਜੂਦ ਸਨ।