← ਪਿਛੇ ਪਰਤੋ
ਅਸ਼ੋਕ ਵਰਮਾ ਬਠਿੰਡਾ,27 ਮਾਰਚ 2020 - ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ਉਪਰੰਤ ਪੰਜਾਬ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਲੋਕਾਂ ਦੀਆਂ ਮੀਡੀਆ ਰਿਪੋਰਟਾਂ ਦਾ ਸਖਤ ਨੋਟਿਸ ਲੈਣ ਤੋਂ ਬਾਅਦ ਪੰੰਜਾਬ ਪੁਲਿਸ ਨੇ ਵਤੀਰਾ ਤਬਦੀਲ ਕਰ ਲਿਆ ਹੈ। ਪੰਜਾਬ ਦੇ ਡੀਜੀਪੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਕਰਦਿਆਂ ਅਧਿਕਾਰੀਆਂ ਨੇ ਵੀ ਪੁਲਿਸ ਮੁਲਾਜਮਾਂ ਨੂੰ ਸਾੳੂ ਬਣਨ ਦਾ ਸੁਨੇਹਾ ਲਾ ਦਿੱਤਾ ਹੈ। ਹਾਲਾਂਕਿ ਇਸ ਮੁੱਦੇ ਤੇ ਕਿਸੇ ਅਧਿਕਾਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਵੱਖ ਵੱਖ ਥਾਵਾਂ ਤੋਂ ਮਿਲ ਰਹੀਆਂ ਰਿਪੋਰਟਾਂ ਮੁਤਾਬਕ ਪੁਲਿਸ ਮੁਲਾਜਮਾਂ ਨੇ ਫਿਲਹਾਲ ਕੁੱਟ ਕੁਟਾਪੇ ਤੋ ਮੋੜਾ ਕੱਟਿਆ ਲਿਆਂਦੀ ਹੈ। ਗੌਰਤਲਬ ਹੈ ਕਿ ਪੰਜਾਬ ’ਚ ਕਰਫਿਊ ਲਾਉਣ ਮਗਰੋਂ ਪਿੰਡਾਂ ਤੇ ਸ਼ਹਿਰਾਂ ਵਿੱਚ ਘਰੋਂ ਬਾਰ ਘੁੰਮਣ ਫਿਰਨ ਵਾਲਿਆਂ ਦੀ ਪੁਲਿਸ ਵੱਲੋਂ ਕੁੱਟਮਾਰ ਕੀਤੀ ਗਈ ਸੀ। ਇਸ ਸਬੰਧੀ ਬਕਾਇਦਾ ਵੀਡੀਓ ਬਣਾਈਆਂ ਗਈਆਂ ਜੋ ਬਾਅਦ ’ਚ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈਆਂ ਸਨ। ‘ਬਾਬੂਸ਼ਾਹੀ’ ਵੱਲੋਂ ਲਗਾਤਾਰ ਦੋ ਦਿਨ ‘ਬਠਿੰਡਾ ਪੁਲਿਸ ਨੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਦਿਖਾਏ ਹੱਥ’ ਅਤੇ ‘ਮਾਲ ਮੰਤਰੀ ਦੇ ਹਲਕੇ ’ਚ ਚੱਲੀ ਪੁਲਿਸ ਦੀ ਅਕਲਦਾਨ ਮੁਹਿੰਮ’ ਤਹਿਤ ਲੋਕਾਂ ਨਾਲ ਵਰਤਾਏ ਜਾ ਰਹੇ ਵਰਤਾਰੇ ਨੂੰ ਸਾਹਮਣੇ ਲਿਆਂਦਾ ਸੀ। ਇਹ ਵੀ ਦੱਸਿਆ ਗਿਆ ਸੀ ਕਿ ਕਿਸ ਤਰਾਂ ਪੁਲਿਸ ਲੋਕਾਂ ਦੇ ਡੰਡੇ ਮਾਰ ਰਹੀ ਹੈ, ਨੱਕ ਨਾਲ ਲਕੀਰਾਂ ਕਢਵਾਈਆਂ ਜਾ ਰਹੀਆਂ ਹਨ ਅਤੇ ਜਲੀਲ ਵੀ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦਾ ਤਿੱਖਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰੰੰੰਘ ਨੇ ਆਪਣੇ ਫੇਸਬੁੱਕ ਪੇਜ਼ ਤੇ ਵੀ ਇੰਨਾਂ ਘਟਨਾਵਾਂ ਨੂੰ ਦਰਜ ਕੀਤਾ ਹੈ। ਉਸ ਮਗਰੋਂ ਪੰਜਾਬ ਪੁਲਿਸ ਨੇ ਆਪਣੇ ਸੁਭਾਅ ’ਚ ਨਰਮੀ ਲਿਆਉਂਦਿਆਂ ਮਾਮਲਾ ਸਿਰਫ ਸਮਝਾਉਣ ਬੁਝਾਉਣ ਅਤੇ ਗੱਲੀਂ ਬਾਤੀਂ ਲਾਹ ਪਾਹ ਤੱਕ ਸੀਮਤ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਨਰਾਜਗੀ ਜਤਾਉਣ ਉਪਰੰਤ ਜਿਲਾ ਪੁਲਿਸ ਮੁਖੀਆਂ ਨੇ ਮੁਲਾਜਮਾਂ ਨੂੰ ਤਾੜਨਾ ਕਰ ਦਿੱਤੀ ਹੈ ਕਿ ਸਮੂਹ ਪੁਲਿਸ ਮੁਲਾਜਮ ਆਪਣੀ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਅਤੇ ਕਿਸੇ ਨਾਲ ਬਦਸਲੂਕੀ ਦੇ ਮਾਮਲੇ ’ਚ ਉਹ ਕੋਈ ਬਹਾਨਾ ਨਹੀਂ ਸੁਣਨਗੇ । ਅਫਸਰਾਂ ਨੇ ਕਰਮਚਾਰੀਆਂ ਨੂੰ ਪਿਆਰ ਦੀ ਭਾਸ਼ਾ ਵਰਤਣ ਵਾਸਤੇ ਵੀ ਆਖਿਆ। ਇਹ ਵੀ ਕਿਹਾ ਗਿਆ ਹੈ ਕਿ ਆਮ ਲੋਕਾਂ ਨਾਲ ਬੋਲਣ ਸਮੇਂ ਕਿਸੇ ਵੀ ਨਾਲ ਕੋਈ ਵੀ ਦੁਰਵਿਹਾਰ ਨਾ ਕੀਤਾ ਜਾਵੇ । ਉਨਾਂ ਪੁਲਿਸ ਨੂੰ ਆਖਿਆ ਕਿ ਸਾਰੇ ਮਸਲੇ ਪੂਰੀ ਦਿਆਨਤਦਾਰੀ ਨਾਲ ਨਿਬੇੜੇ ਜਾਣ ਤੇ ਆਮ ਜਨਤਾ ਨੂੰ ਬੇਇਨਸਾਫੀ ਨਾਂ ਕੀਤੀ ਜਾਵੇ। ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਹਾਲਾਤਾਂ ਨੂੰ ਦੇਖਦਿਆਂ ਉਨਾਂ ਦੀ ਪਹਿਲੀ ਤਰਜੀਹ ਲੋਕਾਂ ਦੀ ਸਹਾਇਤਾ ਕਰਨੀ ਹੋਣੀ ਚਾਹੀਦੀ ਹੈ ਅਤੇ ਪੁਲਿਸ ਮੁਲਾਜਮ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਤਾਂ ਜੋ ਕਿਸੇ ਧੀਅ ਭੈਣ ,ਬਜ਼ੁਰਗ ਜਾਂ ਆਮ ਨਾਗਰਿਕ ਨੂੰ ਕੋਈ ਡਰ ਨਾ ਹੋਵੇ । ਉਨਾਂ ਆਖਿਆ ਕਿ ਸਥਿਤੀ ਦਾ ਜਾਇਜਾ ਲੈਕੇ ਜੇਕਰ ਕੋਈ ਪੁਲਿਸ ਮੁਲਾਜਮ ਲਾਕਾਨੂੰਨੀ ਵਰਤਦਾ ਨਜ਼ਰ ਆਇਆ ਤਾਂ ਸਖਤ ਕਦਮ ਚੁੱਕੇ ਜਾਣਗੇ। ਉਨਾਂ ਆਖਿਆ ਕਿ ਮੁਢਲੇ ਪੜਾਅ ‘ਤੇ ਪੁਲਿਸ ਮੁਲਾਜਮਾਂ ਨੂੰ ਡਿਊਟੀ ਪ੍ਰਤੀ ਸੁਚੇਤ ਕੀਤਾ ਜਾਵੇਗਾ ਅਤੇ ਦੂਸਰਿਆਂ ਨਾਲ ਬਦਸਲੂਕੀ ਕਰਨ ਵਾਲਿਆਂ ਨਾਲ ਸਖ਼ਤੀ ਵਰਤੀ ਜਾਵੇਗੀ। ਇੱਕ ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸ਼ਨ ਦੇ ਢਾਂਚੇ ’ਚ ਅਗਲੇ ਦਿਨੀ ਲੋਕਾਂ ਨੂੰ ਤਬਦੀਲੀ ਨਜ਼ਰ ਆਏਗੀ। ਮੁੱਖ ਮੰਤਰੀ ਵੱਲੋ ਫੇਸਬੁੱਕ ਤੇ ਕੀਤੀ ਗਈ ਟਿੱਪਣੀ ਮੈਂ ਡੀਜੀਪੀ ਪੰਜਾਬ ਪੁਲਿਸ ਨੂੰ ਆਦੇਸ਼ ਦਿੱਤੇ ਹਨ ਕਿ ਕਰਫਿਊ ਦੌਰਾਨ ਜੋ ਪੁਲਿਸ ਕਰਮਚਾਰੀ ਆਮ ਲੋਕਾਂ ਨਾਲ ਬੇਲੋੜਾ ਵਤੀਰਾ ਕਰ ਰਹੇ ਹਨ ਉਨਾਂ ਨੂੰ ਪੁਲਿਸ ਲਾਈਨ ਵਿੱਚ ਪੋਸਟ ਕੀਤਾ ਜਾਵੇ। ਕਿਉਂਕਿ ਇਨਾਂ ਦੇ ਅਜਿਹਾ ਕਰਨ ਨਾਲ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਚੰਗੀ ਕਾਰਗੁਜਾਰੀ ਤੇ ਸਲਾਘਾਯੋਗ ਕੰਮ ਵੀ ਫਿੱਕਾ ਪੈ ਰਿਹਾ ਹੈ। ਇਹੋ ਜਿਹੇ ਨਾਜੁਕ ਹਾਲਾਤਾਂ ਵਿੱਚ ਕੁੱਝ ਪੁਲਿਸ ਕਰਮਚਾਰੀਆਂ ਵੱਲੋਂ ਲੋਕਾਂ ਨਾਲ ਕੀਤਾ ਜਾ ਰਿਹਾ ਅਜਿਹਾ ਬੇਲੋੜਾ ਰਵੱਈਆ ਮੈਂ ਕਿਸੇ ਕੀਮਤ ‘ਤੇ ਬਰਦਾਸ਼ਤ ਨਹੀੰ ਕਰਾਂਗਾ। ਪੁਲਿਸ ਮੁਲਾਜਮਾਂ ਦਾ ਇੱਕ ਚਿਹਰਾ ਇਹ ਵੀ ਇੱਕ ਪਾਸੇ ਜਿੱਥੇ ਪੁਲਿਸ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਅਣਮਨੁੱਖੀ ਵਤੀਰਾ ਅਪਣਾ ਰਹੀ ਹੈ। ਉੱਥੇ ਹੀ ਕੁੱਝ ਪੁਲਿਸ ਮੁਲਾਜਮ ਕਰੋਨਾ ਵਾਇਰਸ ਦੇ ਖਤਰਿਆਂ ਦਰਮਿਆਨ ਮਨੁੱਖਤਾ ਦੀ ਸੇਵਾ ’ਚ ਜੁਟੇ ਹੋਏ ਹਨ। ਇੱਕ ਪੁਲਿਸ ਅਧਿਕਾਰੀ ਲੰਗਰ ਦਾ ਸਮਾਨ ਵੰਡ ਰਿਹਾ ਸੀ ਤਾਂ ਇੱਕ ਹੋਰ ਵੱਲੋਂ ਬੇਜੁਬਾਨੇ ਜਾਨਵਰਾਂ ਨੂੰ ਹਰੇ ਪੱਠੇ ਪਾਏ ਜਾ ਰਹੇ ਸਨ। ਪਤਾ ਲੱਗਿਆ ਹੈ ਕਿ ਪੁਲਿਸ ਮੁਲਾਜਮਾਂ ਨੇ ਮਜਦੂਰਾਂ ਨੂੰ ਪੱਲਿਓਂ ਰੋਟੀ ਖਵਾਈ ਹੈ ਅਤੇ ਲੋੜਵੰਦਾਂ ਲਈ ਖੂਨਦਾਨ ਵੀ ਕੀਤਾ ਹੈ। ਜਮਹੂਰੀ ਹੱਕਾਂ ਦੀ ਉਲੰਘਣਾ ਜਮਹੂਰੀ ਅਧਿਕਾਰ ਸਭਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਵੱਲੋਂ ਕੀਤੀ ਗਈ ਕੁੱਟਮਾਰ ਅਤੇ ਜਲਾਲਤ ਜਮਹੂਰੀ ਹੱਕਾਂ ਦੀ ਉਲੰਘਣਾ ਹੈ। ਉਨਾਂ ਆਖਿਆ ਕਿ ਕਿਸੇ ਵੀ ਸੱਭਿਅਕ ਸਮਾਜ ’ਚ ਅਜਿਹੇ ਵਤੀਰੇ ਦੀ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਹੈ। ਉਨਾਂ ਪੰਜਾਬ ਸਰਕਾਰ ਅਤੇ ਪੁਲਿਸ ਮੁਖੀ ਤੋਂ ਏਦਾਂ ਦੇ ਵਿਹਾਰ ਤੇ ਰੋਕ ਲਾਉਣ ਦੇ ਨਾਲ ਨਾਲ ਪਿਛਲੇ ਦਿਨੀਂ ਵਾਪਰੀਆਂ ਘਟਨਾਵਾਂ ਲਈ ਜਿੰਮੇਵਾਰ ਮੁਲਾਜਮਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਹੈ। ਉਨਾਂ ਕਿਹਾ ਕਿ ਜੇ ਸੁਧਾਰ ਨਾਂ ਆਇਆ ਤਾਂ ਸਭਾ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰੇਗੀ।
Total Responses : 267