ਕਪੂਰਥਲਾ ਵਿਚ ‘ਕੋਵਿਡ ਫਰੰਟ ਲਾਇਨ ਵਰਕਰਜ਼ ਕੋਰਸ’ ਸ਼ੁਰੂ
ਬਲਵਿੰਦਰ ਸਿੰਘ ਧਾਲੀਵਾਲ
- ਡਿਪਟੀ ਕਮਿਸ਼ਨਰ ਨੇ ਕਰਵਾਈ ਪਹਿਲੇ ਬੈਚ ਦੀ ਸ਼ੁਰੂਆਤ- 21 ਦਿਨ ਦਾ ਹੋਵੇਗਾ ਕੋਰਸ
ਸੁਲਤਾਨਪੁਰ ਲੋਧੀ, 16 ਜੂਨ 2021 - ਕਪੂਰਥਲਾ ਜਿਲ੍ਹੇ ਵਿਚ ‘ਕੋਵਿਡ ਫਰੰਟ ਲਾਇਨ ਵਰਕਰਜ਼’ ਕੋਰਸ ਸ਼ੁਰੂ ਕੀਤਾ ਗਿਆ ਹੈ, ਜਿਸ ਤਹਿਤ 21 ਦਿਨ ਦੀ ਸਿਖਲਾਈ ਤੋਂ ਬਾਅਦ ਨੌਜਵਾਨ ਸਿਹਤ ਖੇਤਰ ਵਿਚ ਆਪਣੀਆਂ ਸੇਵਾਵਾਂ ਦੇ ਸਕਣਗੇ। ਜਿਲ੍ਹੇ ਵਿਚ ਇਸ ਕੋਰਸ ਦੇ ਪਹਿਲੇ ਬੈਚ ਦੀ ਸ਼ੁਰੂਆਤ ਅੱਜ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕਰਵਾਈ ਗਈ।
ਕਪੂਰਥਲਾ ਵਿਖੇ ਭਾਟੀਆ ਹਸਪਤਾਲ ਨੇੜੇ ਪ੍ਰਧਾਨ ਮੰਤਰੀ ਕੌਸਲ ਵਿਕਾਸ ਯੋਜਨਾ-3.0 ਸਕਿੱਲ ਸੈਂਟਰ ਵਿਖੇ ਸ਼ੁਰੂ ਕੀਤੇ ਗਏ ਕੋਰਸ ਤਹਿਤ ਕੁੱਲ 57 ਨੌਜਵਾਨਾਂ ਨੂੰ ਸਿਹਤ ਸੇਵਾਵਾਂ ਨਾਲ ਸਬੰਧਿਤ 21 ਦਿਨ ਦੀ ਸਿਖਲਾਈ ਦਿੱਤੀ ਜਾਵੇਗੀ।
ਸਿਖਲਾਈ ਦੌਰਾਨ ਨੌਜਵਾਨਾਂ ਨੂੰ ਕੋਵਿਡ ਵਾਲੇ ਮਰੀਜ਼ ਦੀ ਦੇਖਭਾਲ, ਕੋਵਿਡ ਠੀਕ ਹੋਣ ਤੋਂ ਬਾਅਦ ਮਰੀਜ਼ ਦੀ ਸਿਹਤ ਸੰਭਾਲ ਬਾਰੇ ਮਾਹਿਰਾਂ ਵਲੋਂ ਜਾਣਕਾਰੀ ਦਿੱਤੀ ਜਾਵੇਗੀ। ਸਿਖਲਾਈ ਪੂਰੀ ਕਰਨ ਉਪਰੰਤ ਨੌਜਵਾਨ 3 ਮਹੀਨੇ ਦੀ ਆਨ ਜਾਬ ਟ੍ਰੇਨਿੰਗ ਲਈ ਜਾਣਗੇ ਤਾਂ ਜੋ ਉਹ ਅੱਗੋਂ ਕਿਸੇ ਹਸਪਤਾਲ ਵਿਚ ਨੌਕਰੀ ਪ੍ਰਾਪਤ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਅੱਜ ਇਸ ਕੋਰਸ ਦੀ ਸ਼ੁਰੂਆਤ ਮੌਕੇ ਨੌਜਵਾਨਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ ਇਹ ਉਨ੍ਹਾਂ ਲਈ ਸਿਹਤ ਸੇਵਾ ਦੇ ਖੇਤਰ ਵਿਚ ਕੈਰੀਅਰ ਬਣਾਉਣ ਦਾ ਮੌਕਾ ਹੈ, ਜਿਸ ਨਾਲ ਨਾ ਸਿਰਫ ਉਹ ਆਪਣਾ ਭਵਿੱਖ ਸੰਵਾਰ ਸਕਦੇ ਹਨ ਸਗੋਂ ਇਸ ਔਖੇ ਸਮੇਂ ਵਿਚ ਦੇਸ਼ ਸੇਵਾ ਵਿਚ ਵੱਡੀ ਭੂਮਿਕਾ ਨਿਭਾ ਸਕਦੇ ਹਨ।
ਉਨ੍ਹਾਂ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਕੋਰਸ ਬਾਰੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਨੌਕਰੀ ਹਾਸਿਲ ਕਰਨ ਵਿਚ ਵੀ ਅਗਵਾਈ ਪ੍ਰਦਾਨ ਕਰਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਐਸ ਪੀ ਆਂਗਰਾ, ਨੀਲਮ ਮਹੇ, ਰਾਜੇਸ਼ ਬਾਹਰੀ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਪ੍ਰਤੀਨਿਧੀ, ਅਜੈ ਕੁਮਾਰ , ਸਿਖਲਾਈ ਸੈਂਟਰ ਦੇ ਮੁਖੀ ਕਮਲ ਕੁਮਾਰ ਤੇ ਗੌਰਵ ਕੁਮਾਰ ਕੈਰੀਅਰ ਕੌਸਲਰ ਵੀ ਹਾਜ਼ਰ ਸਨ।