ਲੋਕੇਸ਼ ਰਿਸ਼ੀ
ਗੁਰਦਾਸਪੁਰ, 24 ਮਾਰਚ 2020- ਸੂਬੇ ਅੰਦਰ ਕਾਰੀ ਲਾਏ ਜਾਣ ਤੋਂ ਬਾਦ ਜਿੱਥੇ ਇੱਕ ਪਾਸੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਜੀਅ ਤੌੜ ਮਿਹਨਤ ਕਰਦਾ ਵਿਖਾਈ ਦੇ ਰਿਹਾ ਰਿਹਾ ਹੈ। ਉੱਥੇ ਦੂਜੇ ਪਾਸੇ ਕਈ ਲੋਕ ਅਜਿਹੇ ਵੀ ਹਨ ਜੋ ਲਾਅ ਐਂਡ ਆਰਡਰ ਪ੍ਰਤੀ ਅਣਗਹਿਲੀ ਵਰਤਦਿਆਂ ਜਾਰੀ ਕੀਤੇ ਗਏ ਹੁਕਮਾਂ ਨੂੰ ਅਣਗੌਲਿਆ ਕਰ ਰਹੇ ਹਨ। ਅਜਿਹੇ ਲੋਕਾਂ ਪ੍ਰਤੀ ਪੁਲਿਸ ਵੱਲੋਂ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਗੁਰਦਾਸਪੁਰ ਵਿਖੇ ਦੋ ਅਤੇ ਬਟਾਲਾ ਵਿਖੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਪੁਲਿਸ ਵੱਲੋਂ ਇਹਨਾਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਪਰ ਬਾਦ ਵਿੱਚ ਇਹਨਾਂ ਸਾਰੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ।
ਵਧੇਰੇ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਸਿਟੀ ਵਿਖੇ ਤਾਇਨਾਤ ਏ.ਐੱਸ.ਆਈ ਤਰਸੇਮ ਲਾਲ ਨੇ ਦੱਸਿਆ। ਕਿ ਉਹ ਭੂਮੀ ਰੱਖਿਆ ਅਫ਼ਸਰ ਹਰਚਰਨ ਸਿੰਘ ਕੰਗ ਨਾਲ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਰਾਤ 9 ਵਜੇ ਸਥਾਨਕ ਸੰਤ ਨਗਰ ਵਿਖੇ ਇੱਕ ਦੁੱਧ ਦੀ ਡੇਅਰੀ ਖੁੱਲ੍ਹੀ ਪਾਈ ਗਈ। ਜਿਸ ਤੋਂ ਬਾਦ ਡੇਅਰੀ ਮਾਲਕ ਨਰਿੰਦਰ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਪਿੰਡ ਸੁਲਤਾਨੀ ਹਾਲ ਸੰਤ ਨਗਰ ਦੇ ਖ਼ਿਲਾਫ਼ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਸਬੰਧੀ ਮਾਮਲਾ ਦਰਜ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ।
ਥਾਣਾ ਗੁਰਦਾਸਪੁਰ ਸਿਟੀ ਵਿਖੇ ਤਾਇਨਾਤ ਸਬ-ਇੰਸਪੈਕਟਰ ਭੱਪੀ ਮਸੀਹ ਨੇ ਦੱਸਿਆ। ਕਿ ਉਹ ਆਪਣੇ ਥਾਣਾ ਖੇਤਰ ਵਿਖੇ ਭੂਮੀ ਰੱਖਿਆ ਅਫ਼ਸਰ ਹਰਚਰਨ ਸਿੰਘ ਕੰਗ ਨਾਲ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਰਾਤ 10 ਵਜੇ ਸੰਤ ਨਗਰ ਵਿਖੇ ਫ਼ੌਜੀ ਡੇਅਰੀ ਨਾਮ ਦੀ ਦੁਕਾਨ ਖੁੱਲ੍ਹੀ ਪਾਈ ਗਈ। ਜਿਸ ਤੋਂ ਬਾਦ ਡੇਅਰੀ ਦੇ ਮਾਲਕ ਪਾਰੁਲ ਪੁੱਤਰ ਮੰਗਲ ਦਾਸ ਵਾਸੀ ਸੰਤ ਨਗਰ ਖ਼ਿਲਾਫ਼ ਧਾਰਾ 188 ਅਧੀਨ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਇਸੇ ਤਰਾਂ ਬਟਾਲਾ ਦੇ ਥਾਣਾ ਸਿਵਲ ਲਾਈਨ ਵਿਖੇ ਤਾਇਨਾਤ ਸਬ-ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕੀ ਬੀਤੀ ਰਾਤ 10 ਵਜੇ ਗਸ਼ਤ ਕਰਦਿਆਂ ਉਹ ਜਦੋਂ ਸਿੰਬਲ ਚੌਂਕ ਬਟਾਲਾ ਤੋਂ ਗਾਂਧੀ ਕੈਂਪ ਵੱਲ ਜਾ ਰਹੇ ਸਨ। ਤਾਂ ਰਸਤੇ ਵਿੱਚ ਅਜੇ ਕੁਮਾਰ ਪੁੱਤਰ ਕੁਲਵੰਤ ਰਾਏ ਵਾਸੀ ਗਾਂਧੀ ਕੈਂਪ ਵੱਲੋਂ ਆਪਣੀ ਨਾਈ ਦੀ ਦੁਕਾਨ ਖੋਲੀ ਗਈ ਸੀ ਅਤੇ ਹੁਕਮਾਂ ਦੇ ਵਿਰੁੱਧ ਦੁਕਾਨ ਵਿਖੇ ਭੀੜ ਜਮਾਂ ਕੀਤੀ ਗਈ ਸੀ। ਜਿਸ ਤੋਂ ਬਾਦ ਅਜੇ ਕੁਮਾਰ ਦੇ ਖ਼ਿਲਾਫ਼ ਕਰਫ਼ਿਊ ਦੇ ਕਾਨੂੰਨ ਅਤੇ ਧਾਰਾ 144 ਦੀ ਉਲੰਘਣਾ ਕਰਨ ਦੇ ਜੁਰਮਾਂ ਅਧੀਨ ਮਾਮਲਾ ਦਰਜ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਫ਼ਿਲਹਾਲ ਉੱਪਰੋਕਤ ਤਿੰਨੇ ਮੁਲਜ਼ਮਾਂ ਨੂੰ ਜ਼ਮਾਨਤ ਉੱਪਰ ਰਿਹਾ ਕਰ ਦਿੱਤਾ ਗਿਆ ਹੈ।