ਹਰੀਸ਼ ਕਾਲੜਾ
ਰੂਪਨਗਰ, 19 ਅਪ੍ਰੈਲ 2020 - ਰੂਪਨਗਰ ਦੇ ਨਾਲ ਲੱਗਦੇ ਪਿੰਡ ਪੁਰਖਾਲੀ ਦੇ ਕੋਲ ਇੱਕ ਸ਼ਰਾਬ ਵਾਲੀ ਫੈਕਟਰੀ ਦੇ ਕੁਆਟਰਾਂ ਵਿੱਚ ਸ਼ਨੀਵਾਰ ਦੇਰ ਰਾਤ ਆਬਕਾਰੀ ਵਿਭਾਗ ਅਤੇ ਪੁਲਿਸ ਨੇ ਸੰਯੁਕਤ ਰੂਪ ਵਿਚ ਛਾਪਿਆ ਮਾਰਦੇ ਹੋਏ ਉੱਥੇ ਰੱਖੀਆਂ ਸ਼ਰਾਬ ਦੀ 435 ਪੇਟੀਆਂ ਬਰਾਮਦ ਕੀਤੀਆਂਂ ਹਨ । ਏ.ਈ.ਟੀ.ਸੀ. ਸੁਖਦੀਪ ਸਿੰਘ ਨੇ ਦੱਸਿਆ ਕਿ ਸੂਬੇ ਵਿਚ ਕਰਫਿਉ ਲਗਣ ਉਪਰੰਤ ਪਹਿਲੀ ਵਾਰ ਹੈ ਕਿ ਇਨੀ ਵੱਡੀ ਮਾਤਰਾ ਵਿਚ ਗੈਰ ਕਾਨੂੰਨੀ ਸ਼ਰਾਬ ਫੜੀ ਹੋਵੇ।
ਉਨਾਂ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੁਰਖਾਲੀ ਨਜ਼ਦੀਕ ਇੱਕ ਸ਼ਰਾਬ ਦੀ ਫੈਕਟਰੀ ਦੇ ਲੇਬਰ ਦੇ ਕੁਆਟਰਾਂ ਵਿੱਚ ਸ਼ਰਾਬ ਦੀ ਵੱਡੀ ਮਾਤਰਾ ਵਿੱਚ ਪੇਟੀਆਂ ਛੁਪਾ ਕੇ ਰੱਖੀਆਂ ਹੋਈਆਂ ਹਨ,ਜਿਨ੍ਹਾਂ ਨੂੰ ਕਰਫਿਊ ਦੇ ਦੌਰਾਨ ਜ਼ਿਆਦਾ ਕੀਮਤ ਉੱਤੇ ਵੇਚਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸੂਚਨਾ ਮਿਲਣ ਦੇ ਬਾਅਦ ਸ਼ਨੀਵਾਰ ਦੀ ਦੇਰ ਸ਼ਾਮ ਆਬਕਾਰੀ ਵਿਭਾਗ ਦੀ ਟੀਮ ਨੇ ਛਾਪਾ ਮਾਰਿਆ ਅਤੇ ਇਸ ਛਾਪੇ ਦੌਰਾਨ ਲੇਬਰ ਦੇ ਕੁਆਟਰਾਂ ਵਿੱਚ ਇਕ ਕਮਰੇ 'ਚੋਂ 435 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮੌਕੇ ਕੋਈ ਵਿਅਕਤੀ ਨਹੀਂ ਮਿਲਿਆ ਜਦੋਂ ਕਿ ਬਰਾਮਦ ਕੀਤੀ ਗਈ ਸ਼ਰਾਬ ਉੱਤੇ ਰਾਇਲ ਨਾਇਟ ਨਿਸ਼ਾਨ ਲਿਖਿਆ ਹੋਇਆ ਹੈ ਪ੍ਰੰਤੂ ਬਣਾਉਣ ਵਾਲੀ ਕਿਸੇ ਕੰਪਨੀ ਦਾ ਨਾਮ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਰੀ ਸ਼ਰਾਬ ਨੂੰ ਕਬਜ਼ਾ ਵਿੱਚ ਲੈਂਦੇ ਹੋਏ ਆਬਕਾਰੀ ਐਕਟ 61/1/14 ਦੀ ਧਾਰਾ ਦੇ ਤਹਿਤ ਐਫ.ਆਈ.ਆਰ. ਨੰਬਰ 49 /18-04-2020 ਰਾਂਹੀ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਛਾਪੇ ਦੇ ਦੌਰਾਨ ਉਨ੍ਹਾਂ ਦੇ ਨਾਲ ਈ.ਟੀ.ਓ. ਅਮਨ ਪੁਰੀ ਐਕਸਾਈਜ਼ ਇੰਸਪੈਕਟਰ ਰਾਜ ਕੁਮਾਰ ਸਹਿਤ ਇੰਸਪੈਕਟਰ ਮਨਪ੍ਰੀਤ ਸਿੰਘ, ਅਤੇ ਐਸ.ਐਚ.ਓ. ਤਿਲਕ ਰਾਜ ਵਿਸ਼ੇਸ਼ ਰੂਪ 'ਤੇ ਮੌਜੂਦ ਸਨ।