ਸੰਜੀਵ ਸੂਦ
ਲੁਧਿਆਣਾ, 24 ਮਾਰਚ 2020 - ਕੋਰੋਨਾ ਵਾਇਰਸ ਦੇ ਕਾਰਨ ਪੰਜਾਬ ਭਰ 'ਚ ਕਰਫਿਊ ਲੱਗਾ ਹੋਇਆ ਹੈ ਅਤੇ ਲੁਧਿਆਣਾ 'ਚ ਵੀ ਮੈਡੀਕਲ ਸੇਵਾਵਾਂ ਦੇਣ ਵਾਲੇ ਜਾਂ ਫਿਰ ਬੈਂਕ ਮੁਲਾਜ਼ਮਾਂ ਅਤੇ ਸਰਕਾਰੀ ਮੁਲਾਜ਼ਮਾਂ ਨੂੰ ਕਰਫਿਊ ਦੌਰਾਨ ਢਿੱਲ ਦਿੱਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਕੁੱਝ ਆਮ ਲੋਕ ਵੀ ਹਾਲੇ ਵੀ ਸੜਕਾਂ 'ਤੇ ਜਾਂ ਘਰੋਂ ਬਾਹਰ ਨਿਕਲਣ ਤੋਂ ਨਹੀਂ ਟਲ ਰਹੇ। ਲੁਧਿਆਣਾ ਦੇ ਭਾਰਤ ਨਗਰ ਚੌਂਕ 'ਚ ਪੁਲਿਸ ਵੱਲੋਂ ਨਾਕਾ ਲਾ ਕੇ ਲੋਕਾਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ ਅਤੇ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਖਿਲਾਫ ਕਾਰਵਾਈ ਵੀ ਹੋ ਰਹੀ ਹੈ।
ਇਸ ਦੌਰਾਨ ਜਿੱਥੇ ਆਮ ਲੋਕ ਪੁਲਿਸ ਤੋਂ ਮੁਆਫੀ ਮੰਗ ਕੇ ਘਰਾਂ ਨੂੰ ਪਰਤਦੇ ਦਿਖਾਈ ਦਿੱਤੇ ਉੱਥੇ ਹੀ ਕੁੱਝ ਮਰੀਜ਼ ਹਸਪਤਾਲ ਪਹੁੰਚਣ ਲਈ ਵੀ ਸੜਕਾਂ 'ਤੇ ਵਿਖਾਈ ਦੇ ਰਹੇ ਸਨ। ਉੱਧਰ ਲੁਧਿਆਣਾ ਭਾਰਤ ਨਗਰ ਚੌਂਕ 'ਚ ਡਿਊਟੀ ਨਿਭਾ ਰਹੇ ਟ੍ਰੈਫ਼ਿਕ ਪੁਲਿਸ ਲੁਧਿਆਣਾ ਦੇ ਸੀਨੀਅਰ ਅਧਿਕਾਰੀ ਗੁਰਦੇਵ ਸਿੰਘ ਨੇ ਦੱਸਿਆ ਹੈ ਕਿ ਸਾਨੂੰ ਸਾਰਿਆਂ ਨੂੰ ਕਰਫਿਊ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰ ਵੱਲੋਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਨੂੰ ਲੋਕਾਂ ਦੀ ਭਲਾਈ ਲਈ ਹੀ ਲਾਗੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਰੈਗੂਲਰ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੀਏ ਕਿਸੇ ਦੇ ਸੰਪਰਕ 'ਚ ਨਾ ਆਈਏ ਅਤੇ ਇਸ ਬਿਮਾਰੀ ਤੋਂ ਜਾਗਰੂਕ ਰਹੀਏ। ਗੁਰਦੇਵ ਸਿੰਘ ਨੇ ਕਿਹਾ ਕਿ ਜੋ ਦਿਹਾੜੀਦਾਰ ਮੁਸ਼ਕਿਲਾਂ 'ਚ ਨੇ ਉਨ੍ਹਾਂ ਨੂੰ ਵੀ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਜੇਕਰ ਜਾਨ ਹੀ ਨਹੀਂ ਰਹੇਗੀ ਤਾਂ ਉਹ ਕੰਮ ਵੀ ਕਿਵੇਂ ਕਰਨਗੇ।