ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਕੇ ਕੀਤਾ ਧੰਨਵਾਦ
ਹੋਰਾਂ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ‘ਕਿਰਤ ਕਰੋ ਤੇ ਵੰਡ ਛਕੋ’ ਦੇ ਸੰਦੇਸ਼ ਮੁਤਾਬਕ ਲੋੜਵੰਦਾਂ ਦੀ ਮਦਦ ਕਰਨ ਦੀ ਕੀਤੀ ਅਪੀਲ
ਐਸ.ਏ.ਐਸ. ਨਗਰ, 1 ਜੂਨ 2020: ‘‘ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੱਗੇ ਕਰਫਿਊ/ਲਾਕਡਾਊਨ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਪੰਜਾਬ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਾਮਿਸਾਲ ਹਨ।’’
ਇਹ ਗੱਲ ਆਖਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਗਰੀਬਾਂ ਦੀ ਮਦਦ ਲਈ ਅੱਗੇ ਆਉਣ ਵਾਲਾ ਹਰੇਕ ਹੱਥ ਮਾਨਵਤਾ ਦਾ ਸੱਚਾ ਹਿਤੈਸ਼ੀ ਹੈ। ਬੀਤੇ ਦਿਨੀਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਮਿਲ ਕੇ ਉਨਾਂ ਕਿਹਾ ਕਿ ਬਿਪਤਾ ਦੀ ਇਸ ਘੜੀ ਵਿੱਚ ਡੇਰਾ ਬਿਆਸ ਮਨੁੱਖਤਾ ਦੇ ਸੱਚੇ ਹਮਦਰਦ ਵਜੋਂ ਅੱਗੇ ਆਇਆ ਹੈ। ਇਸ ਮਾਨਵ ਹਿਤੈਸ਼ੀ ਕੰਮ ਲਈ ਉਨਾਂ ਦਾ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹੀ ਮਾਨਵਤਾ ਦੀ ਸੱਚੀ ਸੇਵਾ ਹੈ। ਉਨਾਂ ਦੱਸਿਆ ਕਿ ਡੇਰਾ ਪ੍ਰਬੰਧਕ ਤੇ ਪੈਰੋਕਾਰ ਰੋਜ਼ਾਨਾ ਲੋੜਵੰਦਾਂ ਨੂੰ ਖਾਣੇ ਦੇ ਪੈਕੇਟ ਵੰਡ ਰਹੇ ਹਨ ਅਤੇ ਉਨਾਂ ਇਕ ਦਿਨ ਵਿੱਚ ਸਭ ਤੋਂ ਵੱਧ ਖਾਣੇ ਦੇ ਪੈਕੇਟ ਵੰਡ ਕੇ ਵੀ ਰਿਕਾਰਡ ਕਾਇਮ ਕੀਤਾ ਹੈ। ਉਨਾਂ ਦੱਸਿਆ ਕਿ ਡੇਰਾ ਪੈਰੋਕਾਰਾਂ ਨੇ 5 ਮਈ ਨੂੰ ਇਕ ਦਿਨ ਵਿੱਚ 5,36,667 ਖਾਣੇ ਦੇ ਪੈਕੇਟ ਵੰਡੇ, ਜੋ ਲਾਮਿਸਾਲ ਕਾਰਗੁਜ਼ਾਰੀ ਹੈ।
ਇਕਾਂਤਵਾਸ ਦੌਰਾਨ ਲੋਕਾਂ ਨੂੰ ਠਾਹਰ ਤੇ ਖਾਣਾ ਮੁਹੱਈਆ ਕਰਨ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਡੇਰੇ ਦੇ ਪੈਰੋਕਾਰਾਂ ਨੇ ਦੂਜੇ ਸੂਬਿਆਂ ਤੇ ਦੇਸ਼ਾਂ ਤੋਂ ਆਏ ਲੋਕਾਂ ਨੂੰ ਇਕਾਂਤਵਾਸ ਲਈ ਰਿਹਾਇਸ਼ ਤੇ ਮਿਆਰੀ ਖਾਣਾ ਦਿੱਤਾ। ਉਨਾਂ ਦੱਸਿਆ ਕਿ ਡੇਰਾ ਬਿਆਸ ਨਾਲ ਸਬੰਧਤ ਸਾਰੇ 119 ਕੇਂਦਰਾਂ ਨੇ ਮਾਨਵਤਾ ਲਈ ਬਿਪਤਾ ਦੀ ਇਸ ਘੜੀ ਵਿੱਚ ਲੋਕਾਂ ਨੂੰ ਬਚਾਉਣ ਲਈ ਸਰਕਾਰਾਂ ਦਾ ਸਾਥ ਦਿੱਤਾ ਅਤੇ ਅਜਿਹੀ ਮਿਸਾਲ ਘੱਟ ਹੀ ਮਿਲਦੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਡੇਰਾ ਪ੍ਰਬੰਧਕ ਤੇ ਪੈਰੋਕਾਰ ਪੰਜਾਬ ਦੇ 12 ਜ਼ਿਲਿਆਂ ਵਿੱਚ ਲੋੜਵੰਦਾਂ, ਪਰਵਾਸੀ ਮਜ਼ਦੂਰਾਂ ਤੇ ਇਕਾਂਤਵਾਸ ਵਾਲਿਆਂ ਦੀ ਮਦਦ ਕਰ ਰਹੇ ਹਨ। ਉਨਾਂ ਹੋਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਸੰਕਟ ਦੇ ਸਮੇਂ ਆਪਣੇ ਨੇੜੇ ਰਹਿੰਦੇ ਲੋੜਵੰਦਾਂ ਦੀ ਮਦਦ ਕਰਨ ਤਾਂ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਪੰਜਾਬ ਦੀ ਇਸ ਧਰਤੀ ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ‘ਕਿਰਤ ਕਰੋ ਤੇ ਵੰਡ ਛਕੋ’ ਦਾ ਹੋਕਾ ਦਿੱਤਾ, ਤਹਿਤ ਕੋਈ ਭੁੱਖਾ ਨਾ ਸੌਂਵੇ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਹਾਜ਼ਰ ਸਨ।