ਹਰਿੰਦਰ ਨਿੱਕਾ
ਬਰਨਾਲਾ, 29 ਅਪਰੈਲ 2020 - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ 'ਚ ਛੋਟਾਂ ਦੇਣ ਦੇ ਐਲਾਨ ਦੇ ਬਾਵਜੂਦ ਵੀ ਬਰਨਾਲਾ ਪ੍ਰਸ਼ਾਸ਼ਨ ਨੇ 1 ਮਈ ਤੋਂ ਕੋਈ ਛੋਟ ਦੇਣ ਦਾ ਫੈਸਲਾ ਹਾਲੇ ਨਹੀਂ ਲਿਆ ਹੈ। ਸੂਤਰਾਂ ਅਨੁਸਾਰ ਇਸ ਦਾ ਕਾਰਣ ਇਹ ਸਮਝਿਆ ਜਾ ਰਿਹਾ ਹੈ ਕਿ ਕੋਰੋਨਾ ਦੀ ਮੌਜੂਦਾ ਹਾਲਤ 'ਚ ਬਰਨਾਲਾ ਜ਼ਿਲ੍ਹਾ ਨਾ ਗਰੀਨ ਜੋਨ 'ਚ ਹੈ ਅਤੇ ਟਾ ਹੀ ਰੈਡ ਜੋਨ ਵਿੱਚ, ਯਾਨੀ ਇਸ ਇਲਾਕੇ ਨੂੰ ਔਰੇਂਜ ਜੋਨ 'ਚ ਰੱਖਿਆ ਹੋਇਆ ਹੈ।
ਇਹ ਸਮਝੋ ਕਿ ਬਰਨਾਲਾ ਜ਼ਿਲ੍ਹਾ ਬਾਰਡਰ ਲਾਈਨ 'ਤੇ ਖੜ੍ਹਾ ਹੈ। ਇਸ ਲਈ ਬਰਨਾਲਾ ਜ਼ਿਲ੍ਹੇ ਚ ਛੋਟਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਲੋਕਾਂ ਵਿੱਚ ਦੁਚਿੱਤੀ ਹੀ ਬਣੀ ਹੋਈ ਹੈ। ਜ਼ਿਲ੍ਹਾ ਮਜਿਸਟ੍ਰੇਟ ਇਸ ਸਬੰਧੀ ਫੈਸਲਾ 30 ਅਪ੍ਰੈਲ ਸ਼ਾਮ ਤੱਕ ਹੀ ਲੈਣਗੇ। ਲੋਕ ਸੰਪਰਕ ਵਿਭਾਗ ਵੱਲੋਂ ਮੀਡੀਆ ਨੂੰ ਭੇਜੀ ਸੂਚਨਾ ਮੁਤਾਬਕ ਜ਼ਿਲ੍ਹਾ ਮੈਜਿਸਟਰੇਟ ਬਰਨਾਲਾ ਨੇ ਕਰਫਿਊ ਵਿੱਚ ਛੋਟ ਦੇਣ ਸਬੰਧੀ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ। ਪਹਿਲਾਂ ਤੋਂ ਜਾਰੀ ਕਰਫਿਊ ਦੀਆਂ ਪਾਬੰਦੀਆਂ ਭਲਕੇ (30 ਅਪਰੈਲ ਨੂੰ) ਵੀ ਲਾਗੂ ਹੀ ਰਹਿਣਗੀਆਂ । ਇਸ ਲਈ ਲੋਕਾਂ ਨੂੰ ਕਿਸੇ ਅਫਵਾਹ ਤੇ ਅਮਲ ਕਰਨ ਦੀ ਬਜਾਏ ਕਰੋਨਾ ਵਾਇਰਸ ਤੋਂ ਬਚਾਅ ਦੇ ਮੱਦੇਨਜ਼ਰ ਘਰਾਂ ਅੰਦਰ ਰਹਿ ਕੇ ਹੀ ਕਰਫਿਊ ਦਾ ਪਾਲਣ ਕਰਨਾ ਹੋਵੇਗਾ।