ਸੰਜੀਵ ਸੂਦ
- ਡੀਸੀ ਨੇ ਦਿੱਤੀਆਂ ਦੁਕਾਨਾਂ ਖੋਲ੍ਹਣ ਦੇ ਨਿਯਮਾਂ ਸਬੰਧੀ ਜਾਣਕਾਰੀ..
ਲੁਧਿਆਣਾ, 30 ਅਪ੍ਰੈਲ 2020 - ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਕੇਸ ਜਿੱਥੇ ਲਗਾਤਾਰ ਵਧ ਰਹੇ ਨੇ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਪੰਜਾਬ ਦੇ ਵਿੱਚ ਕਰਫਿਊ 'ਚ ਢਿੱਲ ਦੇਣ ਦਾ ਫੈਸਲਾ ਲਿਆ ਗਿਆ ਹੈ। ਜਿਸ ਦੇ ਤਹਿਤ ਜੇਕਰ ਗੱਲ ਲੁਧਿਆਣਾ ਦੀ ਕੀਤੀ ਜਾਵੇ ਤਾਂ ਅੱਜ ਸਵੇਰੇ ਸੱਤ ਵਜੇ ਦੁਕਾਨਾਂ ਖੁੱਲ੍ਹ ਗਈਆਂ। ਜਿੱਥੇ ਬਹੁਤੇ ਲੋਕਾਂ ਦੀ ਭੀੜ ਤਾਂ ਨਹੀਂ ਦਿਖਾਈ ਦਿੱਤੀ, ਪਰ ਡਿਪਟੀ ਕਮਿਸ਼ਨਰ ਨੇ ਹੀ ਜ਼ਰੂਰ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਹੀ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ ਜਿਨ੍ਹਾਂ ਨੂੰ ਹੋਮ ਡਲਿਵਰੀ ਲਈ ਪਹਿਲਾਂ ਹੀ ਪਾਸ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਦੁਕਾਨਾਂ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਕਾਊਂਟਰ ਸੇਲ ਕਰਨਗੇ ਅਤੇ ਉਸ ਤੋਂ ਬਾਅਦ ਹੋਮ ਡਿਲੀਵਰੀ ਜਾਰੀ ਰੱਖਣਗੇ।
ਇਸ ਸਬੰਧੀ ਜਦੋਂ ਅਸੀਂ ਕਾਲੋਨੀਆਂ 'ਚ ਜਾ ਕੇ ਜਾਇਜਾ ਲਿਆ ਤਾਂ ਕਲੋਨੀਆ 'ਚ ਕਰਿਆਨੇ ਦੀਆਂ ਦੁਕਾਨਾਂ ਜ਼ਰੂਰ ਖੁੱਲ੍ਹੀਆਂ ਨਜ਼ਰ ਆਈਆਂ। ਪਰ ਇਨ੍ਹਾਂ ਤੇ ਬਹੁਤੀ ਭੀੜ ਨਹੀਂ ਸੀ ਕਿਉਂਕਿ ਜਿਵੇਂ-ਜਿਵੇਂ ਕੇਸ ਪੰਜਾਬ 'ਚ ਵਧ ਰਹੇ ਨੇ ਲੋਕਾਂ 'ਚ ਹਾਲੇ ਡਰ ਦਾ ਮਾਹੌਲ ਹੈ। ਇਸ ਕਰਕੇ ਲੋਕ ਬਹੁਤੇ ਘਰ ਤੋਂ ਬਾਹਰ ਨਹੀਂ ਨਿਕਲ ਰਹੇ। ਇਸ ਮੌਕੇ ਅਸੀਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਗ੍ਰਾਹਕਾਂ ਨੂੰ ਦੂਰ ਦੂਰ ਖੜ੍ਹੇ ਰਹਿ ਕੇ ਆਪਣੀ ਵਾਰੀ ਦੀ ਉਡੀਕ ਕਰਕੇ ਹੀ ਸਾਮਾਨ ਲੈਣ ਲਈ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੋਈ ਬਹੁਤਾ ਸਾਮਾਨ ਦਿਖਾਉਂਦਾ ਹੈ ਤਾਂ ਉਹ ਉਸ ਦਾ ਸਾਮਾਨ ਲਿਖ ਲੈਂਦੇ ਨੇ ਅਤੇ ਬਾਅਦ ਦੇ ਵਿੱਚ ਉਸ ਨੂੰ ਹੋਮ ਡਿਲੀਵਰੀ ਹੀ ਕਰਵਾਈ ਜਾਂਦੀ ਹੈ, ਉੱਧਰ ਸਾਮਾਨ ਖਰੀਦਣ ਆਏ ਗ੍ਰਾਹਕਾਂ ਨੇ ਵੀ ਦੱਸਿਆ ਕਿ ਲੋਕਾਂ ਨੂੰ ਆਪਸ ਵਿੱਚ ਡਿਸਟੈਂਸ ਮੇਂਟੇਨ ਕਰਨਾ ਚਾਹੀਦਾ ਹੈ ਤਾਂ ਹੀ ਢਿੱਲ ਦਾ ਕੋਈ ਫਾਇਦਾ ਹੋਵੇਗਾ ਨਹੀਂ ਤਾਂ ਕੇਸ ਹੋਰ ਵੱਧ ਸਕਦੇ ਹਨ।
ਉਧਰ ਦੂਜੇ ਪਾਸੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਲੁਧਿਆਣਾ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 11 ਵਜੇ ਤੱਕ ਸਿਰਫ ਉਨ੍ਹਾਂ ਹੀ ਦੁਕਾਨਾਂ ਨੂੰ ਖੋਲ੍ਹਣ ਦੀ ਪਰਮਿਸ਼ਨ ਦਿੱਤੀ ਗਈ ਹੈ ਜਿਨ੍ਹਾਂ ਦੁਕਾਨਾਂ ਨੂੰ ਪਹਿਲਾਂ ਹੀ ਪਾਸ ਜਾਰੀ ਕੀਤੇ ਗਏ ਨੇ ਜਾਂ ਜੋ ਦੁਕਾਨਾਂ ਪਹਿਲਾਂ ਹੀ ਲੋਕਾਂ ਦੇ ਘਰਾਂ ਤੱਕ ਡਲਿਵਰੀਆਂ ਕਰ ਰਹੀਆਂ ਨੇ ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਕਾਊਂਟਰ ਸੇਲ ਦੀ ਇਜਾਜ਼ਤ ਹੈ।