ਜੀ ਐਸ ਪੰਨੂ
ਪਟਿਆਲਾ, 30 ਅਪ੍ਰੈਲ 2020 - ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਲਗਾਏ ਗਏ ਕਰਫਿਊ ਦੌਰਾਨ ਪੰਜਾਬ ਵਿੱਚ ਫਸੇ ਬਾਹਰਲੇ ਰਾਜਾਂ ਦੇ ਵਸਨੀਕ, ਜਿਹੜੇ ਆਪਣੇ ਪਿੱਤਰੀ ਰਾਜਾਂ 'ਚ ਆਪਣੇ ਘਰਾਂ ਨੂੰ ਜਾਣਾਂ ਚਾਹੁੰਦੇ ਹਨ, ਉਹ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਲਿੰਕ 'ਕੋਵਿਡ ਹੈਲਪ ਡਾਟ ਪੰਜਾਬ ਡਾਟ ਜੀਓਵੀ ਡਾਟ ਇਨ' www.covidhelp.punjab.gov.in 'ਤੇ ਆਪਣੇ ਆਪ ਦੀ ਰਜਿਸਟਰੇਸ਼ਨ ਕਰਵਾਉਣੀ ਪਵੇਗੀ।ਕੁਮਾਰ ਅਮਿਤ ਨੇ ਅੱਜ ਸ਼ਾਮ ਇੱਥੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਤਹਿਤ ਅਜਿਹੇ ਵਿਅਕਤੀਆਂ ਨੂੰ ਆਪਣੀ ਅਤੇ ਆਪਣੀ ਪਰਿਵਾਰਕ ਮੈਂਬਰਾਂ, ਗਰੁੱਪ ਆਦਿ ਦੀ ਉਕਤ ਲਿੰਕ 'ਤੇ ਮੌਜੂਦ ਪ੍ਰੋਫਾਰਮੇ 'ਤੇ ਰਜਿਸਟਰੇਸ਼ਨ ਕਰਵਾਉਣੀ ਲਾਜਮੀ ਹੋਵੇਗੀ ਅਤੇ ਇਕ ਵਾਰ ਪ੍ਰੋਫਾਰਮਾ ਭਰਿਆ ਗਿਆ ਤਾਂ ਇੱਕ ਯੂਨੀਕ ਆਈਡੀ ਬਣੇਗੀ ਜਦੋਂ ਇੱਕ ਵਾਰ ਰਜਿਸਟਰੇਸ਼ਨ ਹੋ ਗਈ ਤਾਂ ਸਬੰਧਤ ਵਿਅਕਤੀ ਜਾਂ ਵਿਅਕਤੀਆਂ ਦੀ ਮੈਡੀਕਲ ਸਕਰੀਨਿੰਗ ਕਰਨ ਲਈ ਜਗ੍ਹਾ ਅਤੇ ਮਿਤੀ ਬਾਰੇ ਉਨ੍ਹਾਂ ਨੂੰ ਰਜਿਸਟਰਡ ਮੋਬਾਇਲ ਨੰਬਰ 'ਤੇ ਮੈਸਜ ਜਾਵੇਗਾ ਅਤੇ ਸਕਰੀਨਿੰਗ ਬਾਅਦ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਤੋਂ ਬਾਅਦ ਅਰਜ਼ੀਕਰਤਾ ਨੂੰ ਉਸਦੇ ਜਾਣ ਸਬੰਧੀਂ ਮਿਤੀ, ਸਮਾਂ ਤੇ ਸਥਾਨ ਬਾਰੇ ਵੀ ਮੋਬਾਇਲ 'ਤੇ ਹੀ ਮੈਸੇਜ ਭੇਜਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਆਪਣੇ ਰਾਜਾਂ ਨੂੰ ਵਾਪਸ ਪਰਤਣ ਦੇ ਚਾਹਵਾਨ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਜਿਸਟਰੇਸ਼ਨ ਕਰਵਾ ਕੇ ਇਸ ਦਾ ਲਾਭ ਉਠਾਉਣ।