ਅਸ਼ੋਕ ਵਰਮਾ
ਬਠਿੰਡਾ, 06 ਅਪਰੈਲ 2020: ਕਰੋਨਾਂ ਵਾਇਰਸ ਕਾਰਨ ਉਪਜੀ ਸਥਿਤੀ ਉਪਰੰਤ ਖਤਮ ਹੋਏ ਸ਼ੋਰ ਪ੍ਰਦੂਸਣ ਅਤੇ ਬਣੇ ਸ਼ਾਂਤ ਵਾਤਾਵਰਨ ਕਾਰਨ ਪੰਛੀਆਂ ਨੇ ਸ਼ਹਿਰੀ ਖੇਤਰਾਂ ’ਚ ਮੁੜ ਉਡਾਰੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼ਹਿਰੀ ਖੇਤਰਾਂ ਖਾਸ ਤੌਰ ਤੇ ਬਾਹਰੀ ਇਲਾਕਿਆਂ ’ਚ ਰੰਗ ਬਿਰੰਗੀਆਂ ਚਿੜੀਆਂ, ਗੁਟਾਰਾਂ,ਤੋਤਿਆਂ ਆਦਿ ਦੀ ਅਵਾਜ ਸੁਣਾਈ ਦਿੰਦੀ ਹੈ। ਅਕਸਰ ਕਾਂ ਵੀ ਹੁਣ ਤਾਂ ਆਪਣੀ ਹਾਜਰੀ ਲੁਆਉਣ ਲੱਗੇ ਹਨ। ਇਸ ਤੋਂ ਪਹਿਲਾਂ ਦੇ ਸਾਫ ਨਾ ਜਨੌਰ ਰਹੇ ਤੇ ਨਾ ਹੀ ਉਨਾਂ ਦੇ ਆਲਣੇ । ਲੋਕਾਂ ਦੇ ਬਨੇਰੇ ਤੇ ਚਿੜੀ, ਤੋਤਾ, ਗੁਟਾਰ ਅਤੇ ਕਬੂਤਰ ਟਾਂਵੇ ਟਾਂਵੇ ਦਿਖਾਈ ਦਿੰਦੇ ਸਨ। ਸ਼ਹਿਰੀ ਖੇਤਰ ’ਚ ਵਧੀ ਅਬਾਦੀ ਤੇ ਪਿੰਡਾਂ ਦੇ ਹੋ ਰਹੇ ਸ਼ਹਿਰੀਕਰਨ ਕਾਰਲ ਵੀ ਪੰਛੀਆਂ ਦੇ ਆਲਣੇ ਖੁਰੇ ਹਨ।
ਬਠਿੰਡਾ ਸ਼ਹਿਰ ਵਿੱਚ ਇੱਕੋ ਇੱਕ ਇਤਿਹਾਸਕ ਕਿਲਾ ਹੈ ਜੋ ਕਿ ਪੰਛੀਆਂ ਦਾ ਟਿਕਾਣਾ ਬਣਿਆ ਹੋਇਆ ਹੈ। ਕਿਲੇ ਅੰਦਰ ਸਥਿਤ ਗੁਰਦਵਾਰੇ ’ਚ ਆਉਣ ਵਾਲੇ ਸ਼ਰਧਾਲੂ ਦਾਣਾ ਵਗੈਰਾ ਪਾ ਜਾਂਦੇ ਹਨ ਜਿਸ ਕਰਕੇ ਇੱਥੇ ਕਬੂਤਰਾਂ ਦੀਆਂ ਡਾਰਾਂ ਨਜਰੀ ਪੈਂਦੀਆਂ ਹਨ। ਉਂਜ ਤਾਂ ਮਾਲਵਾ ਪੱਟੀ ’ਚ ਹੋਈ ਬਹੁਪੱਖੀ ਤਰੱਕੀ ਨੇ ਪੰਛੀਆਂ ਨੂੰ ਉਡਾ ਦਿੱਤਾ ਅਤੇ ਰਹਿੰਦੀ ਕਸਰ ਗਲੋਬਲ ਵਾਰਮਿੰਗ ਨੇ ਕੱਢ ਦਿੱਤੀ । ਬਠਿੰਡਾ ਪੱਟੀ ’ਚ ਲਾਏ ਵੱਡੇ ਪ੍ਰਜੈਕਟਾਂ ਅਤੇ ਸੜਕਾਂ ਦੇ ਵਿਛਾਏ ਜਾਲ ਦੇ ਸਿੱਟੇ ਵਜੋਂ ਦਰੱਖਤਾਂ ਦੀ ਕੀਤੀ ਕਟਾਈ ਨੇ ਪੰਛੀਆਂ ਦਾ ਰੈਣ ਬਸੇਰਾ ਖੋਹ ਲਿਆ ਸੀ। ਭਾਵੇਂ ਇਸ ਸਥਿਤੀ ਨੂੰ ਆਰਜੀ ਮੰਨਿਆ ਜਾ ਰਿਹਾ ਹੈ ਫਿਰ ਵੀ ਆਮ ਲੋਕ ਤਬਦੀਲੀਆਂ ਨੂੰ ਮਹਿਸੂਸ ਕਰਨ ਲੱਗੇ ਹਨ। ਨਵੇਂ ਓਵਰ ਬਰਿੱਜਾਂ ਕਾਰਨ ਸੈਂਕੜੇ ਦਰੱਖਤਾਂ ਦੀ ਕਟਾਈ ਹੋਈ ਹੈ।
ਬਠਿੰਡਾ-ਗੰਗਾਨਗਰ ਸੜਕ ਚੌਮਾਰਗੀ ਹੋ ਰਹੀ ਹੈ ਜੋ ਰੁੱਖ ਖਤਮ ਕਰੇਗੀ। ਬਠਿੰਡਾ ਤੋਂ ਅੰਮਿ੍ਰਤਸਰ ਸੜਕ ਤੇ ਵੀ ਦਰੱਖਤਾਂ ’ਤੇ ਆਰਾ ਚੱਲਿਆ ਹੈ । ਜੀਰਕਪੁਰ ਤੋਂ ਬਠਿੰਡਾ ਤੱਕ ਸੜਕ ਨੂੰ ਚੌੜੀ ਕਰਨ ਨੇ ਦਰੱਖਤਾਂ ਤੇ ਕੁਹਾੜਾ ਚਲਾਇਆ ਹੈ। ਵਾਤਵਰਨ ਪੱਖੀ ਧਿਰਾਂ ਦਾ ਕਹਿਣਾ ਹੈ ਕਿ ਹਰੀ ਪੱਟੀ ਨੂੰ ਵਪਾਰੀ ਲੋਕਾਂ ਨੇ ਵੀ ਤਬਾਹ ਕੀਤਾ ਹੈ। ਬਠਿੰਡਾ ਸ਼ਹਿਰ ਦੇ ਆਲੇ ਦੁਆਲੇ ਵਸੀਆਂ ਕਲੋਨੀਆਂ ਨੇ ਵੀ ਰੁੱਖ ਖਾ ਲਏ ਹਨ। ਮਾਲਵਾ ਪੱਟੀ ’ਚ ਚਾਰ ਚੁਫੇਰੇ ਵਿਕਾਸ ਦੀ ਰਫਤਾਰ ਵਧੀ ਹੈ ਤੇ ਅਬਾਦੀ ਦਾ ਵੀ ਵਿਸਥਾਰ ਹੋ ਰਿਹਾ ਹੈ।
ਸ਼ਹਿਰ ਵਿੱਚ ਪੁਰਾਣਾ ਤਾਪ ਬਿਜਲੀ ਘਰ ਤੇ ਦੂਜੇ ਪਾਸੇ ਏਸ਼ੀਆ ਦੀ ਸਭ ਤੋਂ ਵੱਡੀ ਬਠਿੰਡਾ ਛਾਉਣੀ ਹੈ । ਫੌਜ ਵੱਲੋਂ ਵੱਡੇ ਪੱਧਰ ’ਤੇ ਰੁੱਖ ਲਾਏ ਗਏ ਹਨ ਫਿਰ ਵੀ ਪ੍ਰਦੂਸ਼ਣ ਨੇ ਤਾਂ ਪੰਛੀਆਂ ਦੀ ਗੱਲ ਇੱਕ ਪਾਸੇ ਲੋਕਾਂ ਦਾ ਜੀਣਾ ਦੁੱਭਰ ਕੀਤਾ ਹੋਇਆ ਸੀ। ਬਠਿੰਡਾ ਦੇ ਨਜਦੀਕ ਹੀ ਭੀਸੀਆਣਾ ਏਅਰ ਫੋਰਸ ਸਟੇਸ਼ਨ ਹੈ। ਇਸ ਹਵਾਈ ਅੱਡੇ ਦੇ ਆਸ ਪਾਸ ਦੇ ਖੇਤਰਾਂ ’ਚੋਂ ਪੰਛੀ ਗਾਇਬ ਸਨ ਪਰ ਇੰਨੀਂ ਦਿਨੀਂ ਸਥਿਤੀ ਨੇ ਮੋੜਾ ਕੱਟਿਆ ਹੈ। ਵਿਰਕ ਕਲਾਂ ਵਾਸੀ ਮਨਿੰਦਰ ਸਿੰਘ ਦਾ ਕਹਿਣਾ ਸੀ ਕਿ ਹਵਾਈ ਉਡਾਣਾ ਬੰਦ ਰਹਿਣ ਕਾਰਨ ਮਹੌਲ ਪੂਰੀ ਤਰਾਂ ਸ਼ਾਂਤ ਰਹਿਣ ਲੱਗਿਆ ਹੈ। ਉਨਾਂ ਦੱਸਿਆ ਕਿ ਜਹਾਜਾਂ ਦੇ ਸ਼ੋਰ ਕਾਰਨ ਪੰਛੀਆਂ ਦੀ ਡਾਰਾਂ ਇਲਾਕੇ ’ਚੋਂ ਗਾਇਬ ਹੋ ਗਈਆਂ ਹਨ। ਉਨਾਂ ਦੱਸਿਆ ਕਿ ਪਹਿਲੋ ਪਹਿਲ ਤਾਂ ਜਦੋਂ ਜਹਾਜ ਉੱਡਦੇ ਸਨ ਤਾਂ ਮੱਝਾਂ ਗਾਵਾਂ ਵੀ ਡਰ ਜਾਂਦੀਆਂ ਸਨ ਪਰ ਬਾਅਦ ’ਚ ਮਾੜਾ ਮੋਟਾ ਫਰਕ ਪਿਆ ਹੈ ।
ਪੰਜਾਬ ਦਾ ਸਭ ਤੋਂ ਵੱਡਾ ਪ੍ਰਜੈਕਟ ਰਿਫਾਇਨਰੀ ਵੀ ਬਠਿੰਡਾ ਲਾਗੇ ਹੀ ਲੱਗਿਆ ਹੋਇਆ ਹੈ । ਕਰੀਬ 2000 ਏਕੜ ’ਚ ਫੈਲੇ ਇਸ ਤੇਲ ਸੋਧਕ ਕਾਰਖਾਨੇ ਨੂੰ ਲਾਉਣ ਵੇਲੇ ਹਜ਼ਾਰਾਂ ਦਰੱਖਤਾਂ ਦੀ ਬਲੀ ਲਈ ਹੈ। ਇਸ ਤਰਫ ਪਹਿਲਾਂ ਤਾਂ ਪੰਛੀਆਂ ਦੀ ਹਰ ਪਾਸੇ ਰੌਣਕ ਸੀ ਪਰ ਰਿਫਾਇਨਰੀ ਤੋਂ ਬਾਅਦ ਉਹ ਗੱਲਾਂ ਨਹੀਂ ਰਹੀਆਂ। ਬਜੁਰਗ ਜਰਨੈਲ ਸਿੰਘ ਦਾ ਕਹਿਣਾ ਸੀ ਕਿ ਪੰਛੀ ਸ਼ਾਂਤ ਮਾਹੌਲ ’ਚ ਵਸਦੇ ਹਨ ਜਦੋਂ ਕਿ ਹੁਣ ਤਾਂ ਰੌਲੇ ਰੱਪੇ ਦਾ ਕੋਈ ਹਿਸਾਬ ਹੀ ਨਹੀਂ ਹੈ। ਅਧਿਕਾਰੀ ਦੱਸਦੇ ਹਨ ਕਿ ਕਰਫਿਊ ਖਤਮ ਹੋਣ ਤੋਂ ਬਾਅਦ ਪ੍ਰਦੂਸ਼ਣ ਵਧੇਗਾ। ਜੰਗਲਾਤ ਅਧਿਕਾਰੀਆਂ ਨੇ ਮੰਨਿਆ ਕਿ ਮੈਗਾ ਪ੍ਰਜੈਕਟਾਂ ਅਤੇ ਤਰੱਕੀ ਨਾਲ ਦਰੱਖਤਾਂ ਦੀ ਕਟਾਈ ’ਚ ਚੋਖਾ ਵਾਧਾ ਹੋਇਆ ਹੈ।
ਮੌਜੂਦਾ ਸਥਿਤੀ ਤੋਂ ਸਬਕ ਲੈਣ ਦੀ ਲੋੜ
ਨੌਜੁਆਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਵਾਤਾਵਰਨ ’ਚ ਤਬਦੀਲੀ ਸਿਹਤਮੰਦ ਵਰਤਾਰਾ ਹੈ ਜਿਸ ਤੋਂ ਸਬਕ ਲੈਣ ਦੀ ਲੋੜ ਹੈ। ਉਨਾਂ ਆਖਿਆ ਕਿ ਕਰੋਨਾ ਵਾਇਰਸ ਨੇ ਪ੍ਰਦੂਸਣ ਦੇ ਮਾਮਲੇ ’ਚ ਮਨੁੱਖ ਨੂੰ ਸ਼ੀਸ਼ਾ ਦਿਖਾ ਦਿੱਛਾ ਹੈ। ਉਨਾਂ ਆਖਿਆ ਕਿ ਵਿਕਾਸ ਦੀ ਰਫਤਾਰ ਨੇ ਮਨੁੱਖ ਕੋਲੋਂ ਪੰਛੀਆਂ ਨੂੰ ਦੂਰ ਕੀਤਾ ਹੈ ਜੋ ਕਿ ਚੰਗੇ ਸੰਕੇਤ ਨਹੀਂ ਹਨ। ਉਨਾਂ ਆਖਿਆ ਕਿ ਦਰੱਖਤਾਂ ਦੀ ਅਣਹੋਂਦ ਪੰਛੀਆਂ ਤੇ ਅਸਰ ਪਾਉਂਦੀ ਹੈ ਫਿਰ ਵੀ ਲੋਕਾਂ ਨੇ ਘਰਾਂ ਦੀਆਂ ਛੱਤਾਂ ਤੇ ਪਾਣੀ ਦੇ ਕਟੋਰੇ ਰੱਖੇ ਜਿਸ ਨਾਲ ਪੰਛੀ ਆਉਣ ਲੱਗੇ ਪਰ ਪਹਿਲਾਂ ਦੀ ਤਰਾਂ ਨਹੀਂ।
ਕਈ ਪ੍ਰਜਾਤੀਆਂ ਤੇ ਸੰਕਟ ਦੇ ਬੱਦਲ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਗਲੋਬਲ ਵਾਰਮਿੰਗ ਅਤੇ ਸ਼ੋਰ ਪ੍ਰਦੂਸ਼ਣ ਨੇ ਹਰ ਜਾਨਵਰ ਤੇ ਅਸਰ ਪਾਇਆ ਹੈ। ਉਨਾਂ ਆਖਿਆ ਕਿ ਪੰਜਾਬ ਵਿੱਚੋਂ ਕਈ ਪੰਛੀਆਂ ਦੀਆਂ ਨਸਲਾਂ ਤੇਜੀ ਤੇਜੀ ਨਾਲ ਗਾਇਬ ਹੋ ਗਈਆਂ ਹਨ। ਉਨਾਂ ਦੱਸਿਆ ਕਿ ਦੇਸ਼ ਵਿੱਚ ਕਈ ਪ੍ਰਜਾਤੀਆਂ ਤੇ ਸੰਕਟ ਦੇ ਬੱਦਲ ਛਾਏ ਹੋਏ ਹਨ ਜੋਕਿ ਚਿੰਤਾਜਨਕ ਹੈ।