ਅਸ਼ੋਕ ਵਰਮਾ
ਬਠਿੰਡਾ, 17 ਅਪਰੈਲ 2020 - ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੂੰ ਬਠਿੰੰਡਾ ਸ਼ਹਿਰ ’ਚ ਲੋਕ ਟਿੱੱਚ ਸਮਝ ਰਹੇ ਹਨ। ਹਾਲਾਂਕਿ ਪੁਲਿਸ ਦੀ ਤਾਇਨਾਤੀ ਕੀਤੀ ਹੋਈ ਹੈ ਅਤੇ ਖੁੱਲ੍ਹੀ ਜੇਲ੍ਹ ਦਾ ਵੀ ਪ੍ਰਬੰਧ ਹੈ ਫਿਰ ਲੋਕਾਂ ਦਾ ਸੜਕਾਂ ਤੇ ਘੁੰਮਣਾ ਆਮ ਹੈ। ਕਰਫਿਊ ਦੌਰਾਨ ਅਜਿਹੀ ਢਿੱਲ ਤੇ ਸ਼ਹਿਰ ਦੇ ਕੁੱਝ ਲੋਕਾਂ ਦੀ ਲਾਪਰਵਾਹੀ, ਬਾਕੀ ਸ਼ਹਿਰ ਵਾਸੀਆਂ ’ਤੇ ਭਾਰੂ ਪੈ ਸਕਦੀ ਹੈ। ਦਰਅਸਲ, ਜ਼ਿਲਾ ਪ੍ਰਸ਼ਾਸਨ ਵੱਲੋਂ ਕਰਫਿਊ ਦੌਰਾਨ ਅਧਿਕਾਰਕ ਤੌਰ ’ਤੇ ਕੋਈ ਢਿੱਲ ਤਾਂ ਨਹੀਂ ਦਿੱਤੀ ਗਈ, ਪਰ ਜਰੂਰੀ ਵਸਤਾਂ ਦੀ ਹੋਮ ਡਲਿਵਰੀ ਕਾਰਨ ਸ਼ਹਿਰ ਵਿਚ ਸਵੇਰੇ ਤੋਂ ਸ਼ਾਮ ਤੱਕ ਸੜਕਾਂ ’ਤੇ ਭੀੜ ਲੱਗੀ ਰਹਿੰਦੀ ਹੈ। ਹਰ ਮੁਹੱਲੇ ਵਿਚ ਲੋਕ ਸਵੇਰੇ ਤੇ ਸ਼ਾਮ ਸੜਕਾਂ ’ਤੇ ਸਾਮਾਨ ਖਰੀਦਣ ਲਈ ਪੁੱਜ ਜਾਂਦੇ ਹਨ। ਦੂਜੇ ਪਾਸੇ ਲਗਾਤਾਰ ਵਧਦੇ ਕਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਨੇ ਸ਼ਹਿਰ ਦੇ ਬਾਕੀ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ।
ਸੰਜੀਦੀ ਧਿਰਾਂ ਦਾ ਕਹਿਣਾ ਹੈ ਕਿ ਜੇਕਰ ਆਵਾਜਾਈ ਨਾਂ ਰੋਕੀ ਗਈ ਤਾਂ ਇਸ ਦਾ ਖਾਮਿਆਜਾ ਕਰਫਿਊ ਦੌਰਾਨ ਘਰਾਂ ’ਚ ਡੱਕੇ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ। ਜਰੂਰੀ ਕੰਮ ਜਾ ਬਿਮਾਰ ਵਿਅਕਤੀਆਂ ਦਾ ਮਜਬੂਰਨ ਘਰਾਂ ਤੋਂ ਬਾਹਰ ਨਿਕਲਣਾ ਤਾਂ ਸਮਝ ਵਿੱਚ ਆਉਦਾ ਹੈ ਪਰ ਜਿਆਦਾਤਰ ਲੋਕ ਬੇਵਜਾ ਹੀ ਘਰਾਂ ਤੋਂ ਬਾਹਰ ਘੁੰਮ ਰਹੇ ਹਨ ਜੋ ਕਿ ਲੋਕਾਂ ਲਈ ਖਤਰਾ ਸਾਬਤ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋਂ ਵੀ ਕਰਫਿਊ ਦੀ ਸਖਤੀ ਨਾਲ ਪਾਲਣਾ ਕਰਨ ਦੇ ਹੁਕਮ ਕੀਤੇ ਗਏ ਹਨ ਫਿਰ ਵੀ ਪੁਲਿਸ ਅਧਿਕਾਰੀ ਇਸ ਨੂੰ ਅਮਲ ਕਰਾਉਣ ਵਿੱਚ ਅਸਫਲ ਹੋ ਰਹੇ ਹਨ। ਸ਼ਹਿਰ ਦੇ ਕਈ ਹਿੱਸਿਆਂ ’ਚ ਤਾਂ ਕਰਫ਼ਿਊ ਵਰਗਾ ਕੁਝ ਨਹੀਂ ਲੱਗਦਾ ਹੈ ਅਤੇ ਦਿਨ ਵੇਲੇ ਵੀ ਲੋਕ ਆਮ ਵਾਂਗ ਘਰਾਂ ’ਚੋਂ ਨਿਕਲਦੇ ਹਨ। ਦੇਖਣ ’ਚ ਆਇਆ ਹੈ ਕਿ ਇਹ ਮੰਦਭਾਗਾ ਵਰਤਾਰਾ ਬਗ਼ੈਰ ‘ਰੋਕ-ਟੋਕ’ ਸਾਰਾ ਦਿਨ ਚੱਲਦਾ ਰਹਿੰਦਾ ਹੈ। ਅਜਿਹੇ ਵਕਤ ਸਮਾਜਿਕ ਦੂਰੀ ਅਤੇ ਮਾਸਕ ਦੀ ਵਰਤੋਂ ਦੇ ਨਿਯਮਾਂ ਤੋਂ ਲੋਕਾਂ ਦਾ ਪ੍ਰਹੇਜ਼ ਚਿੰਤਤ ਕਰਦਾ ਹੈ। ਉਂਜ ਵੀ ਸਵੇਰ ਸਮੇਂ ਸੜਕਾਂ ’ਤੇ ਪੁਲੀਸ ਨਫ਼ਰੀ ਘੱਟ ਹੁੰਦੀ ਹੈ। ਲੋਕਾਂ ਦਾ ਹੀ ਕਹਿਣਾ ਹੈ ਕਿ ਪੁਲੀਸ ਮੁਲਾਜ਼ਮ ਅਤੇ ਗਸ਼ਤ ਕਰ ਰਹੀਆਂ ਟੀਮਾਂ ਤੋਰੇ-ਫੇਰੇ ਵਾਲਿਆਂ ਦੀ ਘੱਟ ਹੀ ਪੁੱਛਗਿਛ ਕਰਦੀਆਂ ਹਨ।
ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ
ਐਸ.ਐਸ.ਪੀ. ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਕਰਫ਼ਿਊ ਦੇ ਦਿਨਾਂ ਦੌਰਾਨ ਘਰਾਂ ’ਚੋਂ ਬਾਹਰ ਨਾ ਨਿਕਲਿਆਂ ਜਾਵੇ। ਪੰਜਾਬ ਸਰਕਾਰ ਨੇ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਹਨ ਉਹ ਸਾਰੀਆਂ ਮਨੁੱਖਤਾਂ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਕੀਤੀਆਂ ਹਨ। ਉਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਨਾਂ ਆਦੇਸ਼ਾਂ ਦੀ ਪਾਲਣਾ ਕਰਨਾ ਸਾਡਾ ਨਿੱਜੀ ਫ਼ਰਜ਼ ਹੈ ਤਾਂ ਜੋ ਅਸੀਂ ਸਾਰੇ ਇੱਕਜੁੱਟ ਹੋ ਕੇ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਨੂੰ ਫੈਲਣ ਤੋਂ ਰੋਕ ਸਕੀਏ। ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬਿਨਾਂ ਕੰਮ ਤੋਂ ਘੁੰਮਦਾ ਪਾਇਆ ਜਾਂਦਾ ਹੈ ਤਾਂ ਪੁਲਿਸ ਉਸ ’ਤੇ ਬਣਦੀ ਕਾਨੂੰਨੀ ਕਾਰਵਾਈ ਕਰੇਗੀ ਅਤੇ ਵਹੀਕਲ ਨੂੰ ਵੀ ਜ਼ਬਤ ਕੀਤਾ ਜਾਵੇਗਾ।
15 ਜਣਿਆਂ ਤੇ ਕੇਸ ਦਰਜ ਤੇ 12 ਗ੍ਰਿਫਤਾਰ
ਕਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਪੁਲਿਸ ਵਲੋਂ ਸ਼ਹਿਰ ਅੰਦਰ ਬਿਨਾਂ ਕੰਮ ਤੋਂ ਘੁੰਮ ਰਹੇ ਵਿਅਕਤੀਆਂ ਦੇ 15 ਖਿਲਾਫ਼ ਪਰਚੇ ਦਰਜ਼ ਕੀਤੇ ਅਤੇ 12 ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਲਖਬੀਰ ਸਿੰਘ ਵਾਸੀ ਬਸਤੀ ਨੰਬਰ 5 ਬੀੜ ਤਲਾਬ, ਜਸਪਾਲ ਸਿੰਘ ਵਾਸੀ ਨੇੜੇ ਪੁਰਾਣਾ ਥਾਣਾ ਬਠਿੰਡਾ, ਕੁਲਦੀਪ ਸਿੰਘ ਵਾਸੀ ਤਰਲੋਕ ਐਮ.ਸੀ. ਵਾਲੀ ਗਲੀ ਗੁਰੂ ਨਾਨਕਪੁਰਾ ਬਠਿੰਡਾ, ਸਨੀ ਸਿੰਘ ਵਾਸੀ ਗਲੀ ਨੰਬਰ 4 ਮਿੰਨੀ ਸਕੱਤਰੇਤ ਰੋਡ ਬਠਿੰਡਾ, ਪਾਰੁਲ ਗੋਇਲ ਵਾਸੀ ਕਿਲਾ ਰੋਡ ਬਠਿੰਡਾ, ਸੁਰਿੰਦਰ ਸਿੰਘ ਵਾਸੀ ਕਿੱਕਰਦਾਸ ਬਠਿੰਡਾ ਇਸੇ ਤਰਾਂ ਉਕਾਰ ਸਿੰਘ ਵਾਸੀ ਕਿੱਕਰ ਦਾਸ ਮੁਹੱਲਾ ਬਠਿੰਡਾ ਆਦਿ ਬਿਨਾਂ ਜ਼ਰੂਰਤ ਤੋਂ ਘਰ ਬਾਹਰ ਨਿਕਲਣ ਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਦੇ ਗਿ੍ਰਫ਼ਤਾਰ ਕੀਤੇ ਗਏ। ਇਸੇ ਤਰਾਂ ਗੁਰਪ੍ਰੀਤ ਸਿੰਘ ਵਾਸੀ ਨਰੂਆਣਾ, ਕਿ੍ਰਸ਼ਨ ਕੁਮਾਰ, ਰੋਹਿਤ ਵਾਸੀ ਪਰਸਰਾਮ ਅਤੇ ਕਰਨਦੀਪ ਸਿੰਘ ਵਾਸੀ ਸ਼ਾਂਤ ਨਗਰ ਜੈਤੋਂ ਆਦਿ ਵਿਅਕਤੀਆਂ ਨੂੰ ਵੀ ਪੰਜਾਬ ਸਰਕਾਰ ਦੇ ਹੁਕਮਾਂ ਉਲੰਘਣਾ ਕਰਨ ’ਤੇ ਗ੍ਰਿਫ਼ਤਾਰ ਕੀਤਾ ਗਿਆ।